ਰਾਘਵ ਚੱਢਾ ਨੇ ਦੱਸਿਆ ਨਵਜੋਤ ਸਿੱਧੂ ਨੂੰ ਪੰਜਾਬ ਦੀ ਸਿਆਸਤ ਦਾ ਰਾਖੀ ਸਾਵੰਤ ,ਕਿਹਾ ਕਾਂਗਰਸ ਹਾਈ ਕਮਾਂਡ ਦੀ ਫਟਕਾਰ ਤੋਂ ਬਾਅਦ ਬਿਨਾਂ ਸਿਰ – ਪੈਰ ਗੱਲਾਂ ਕਰ ਰਹੇ ਹਨ ਸਿੱਧੂ

ਕੇਜਰੀਵਾਲ ਖ਼ਿਲਾਫ਼ ਸਿੱਧੂ ਦੀ ਬਿਆਨਬਾਜ਼ੀ ਬੇਲੋੜੀ ਅਤੇ ਹਾਸੋਹੀਣੀ

ਚੰਡੀਗੜ੍ਹ/ਨਵੀਂ ਦਿੱਲੀ, 17 ਸਤੰਬਰ । ਆਮ ਆਦਮੀ ਪਾਰਟੀ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਤੇ ਤੰਜ ਕਸੇ ਹਨ। ਤੰਜ ਕਸਦੇ ਹੋਏ ਚੱਢਾ ਨੇ ਕਿਹਾ ਕੀ ਸਿੱਧੂ ਪੰਜਾਬ ਦੀ ਸਿਆਸਤ ਦਾ ਰਾਖੀ ਸਾਵੰਤ ਹੈ। ਆਪਣੇ ਬਿਆਨ ਵਿਚ ਚੱਢਾ ਨੇ ਕਿਹਾ ਕਿ ਸਿੱਧੂ ਬਿਨਾਂ ਸਿਰ – ਪੈਰ ਦੀ ਬਿਆਨਬਾਜ਼ੀ ਕਰਨ ਦੀ ਬਿਮਾਰੀ ਤੋ ਗ੍ਰਸਤ ਹਨ ਇਸ ਕਾਰਨ ਉਹ ਆਪਣੀ ਆਦਤ ਤੋਂ ਮਜਬੂਰ ਹੋ ਕੇ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੀ ਕਿਸੇ ਗੱਲ ਵਿੱਚ ਕੋਈ ਗੰਭੀਰਤਾ ਨਹੀਂ ਹੁੰਦੀ ਅਤੇ ਹਰ ਥਾਂ ਉਹ ਮਜ਼ਾਕ ਦੇ ਪਾਤਰ ਹੀ ਬਣਦੇ ਹਨ।

 ਚੱਢਾ ਨੇ ਕਿਹਾ ਕਿ ਸਿੱਧੂ ਪਹਿਲਾਂ ਆਪਣੀ ਹੀ ਸਰਕਾਰ ਅਤੇ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਹਰ ਰੋਜ਼ ਬਿਆਨਬਾਜ਼ੀ ਕਰ ਰਹੇ ਸਨ ਪ੍ਰੰਤੂ ਹਾਈ ਕਮਾਂਡ ਦੀ ਫਟਕਾਰ ਤੋਂ ਬਾਅਦ ਚੁੱਪ ਹੋ ਗਏ ਹਨ। ਹੁਣ ਹੋਰ ਕੁਝ ਨਾ ਦੇਖਦੇ ਹੋਏ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਬੇਤੁਕੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਥੋੜ੍ਹੇ ਦਿਨਾਂ ਬਾਅਦ ਉਹ ਫੇਰ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਆਪਣੀ ਬਿਆਨਬਾਜ਼ੀ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਅਸਲ ਵਿਚ ਨਵਜੋਤ ਸਿੱਧੂ ਨੇ ਕੁਝ ਵੀ ਬਿਆਨਬਾਜ਼ੀ ਕਰਨੀ ਹੁੰਦੀ ਹੈ ਉਹ ਭਾਵੇਂ ਲੋੜੀਂਦੀ ਹੋਵੇ ਜਾਂ ਨਾ। ਗ਼ੌਰਤਲਬ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਆਪਣੀ ਬੇਤੁਕੀ ਬਿਆਨਬਾਜ਼ੀ ਕਾਰਨ ਮੀਡੀਆ ਵਿੱਚ ਹਾਸੇ ਦੇ ਪਾਤਰ ਬਣੇ ਹੋਏ ਹਨ। 

 ਚੱਢਾ ਨੇ ਤੰਜ ਕੱਸਦੇ ਹੋਏ ਕਿਹਾ ਕਿ ਇੱਥੋਂ ਤੱਕ ਕਿ ਕਾਂਗਰਸ ਹਾਈ ਕਮਾਂਡ ਅਤੇ ਕਾਂਗਰਸ ਦੀ ਲੀਡਰਸ਼ਿਪ ਵੀ ਨਵਜੋਤ ਸਿੱਧੂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਹੀ ਤਾਂ ਨਵਜੋਤ ਸਿੰਘ ਸਿੱਧੂ ਦੀ ਪਿਛਲੀ ਦਿੱਲੀ ਫੇਰੀ ਦੌਰਾਨ  ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਮਿਲਣ ਤੋਂ ਵੀ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਸਿੱਧੂ ਨੂੰ ਅਜਿਹੀ ਨੀਵੇਂ ਪੱਧਰ ਦੀ ਬਿਆਨਬਾਜ਼ੀ ਬੰਦ ਕਰ ਕੇ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਕਾਰਜ ਕਰਨ ਦੀ ਸਲਾਹ ਦਿੱਤੀ।

Exit mobile version