ਵਪਾਰੀਆਂ ਦੀ ਮੁਸ਼ਕਲਾਂ ਦੇ ਮੌਕੇ ‘ਤੇ ਹੱਲ ਲਈ ਪੰਜਾਬ ਟਰੇਡਰਜ਼ ਬੋਰਡ ਵੱਲੋਂ ਡਿਵੀਜ਼ਨ ਅਨੁਸਾਰ ਮੀਟਿੰਗਾਂ ਕਰਨ ਦਾ ਫੈਸਲਾ

ਪੰਜਾਬ ਸਰਕਾਰ ਵੱਲੋਂ ਲਿਆਂਦੀ ਵਿਸ਼ੇਸ਼ ਓ.ਟੀ.ਐਸ. ਦਾ 29500 ਵਪਾਰੀਆਂ ਨੇ ਲਾਭ ਲਿਆ: ਪੁਨੀਤ ਸੈਣੀ ਪਿੰਟਾ

ਪੰਜਾਬ ਟਰੇਡਰਜ਼ ਬੋਰਡ ਦੀ ਮੀਟਿੰਗ ਵਿੱਚ ਹੋਏ ਅਹਿਮ ਫੈਸਲੇ

ਚੰਡੀਗੜ੍ਹ, 13 ਸਤੰਬਰ। ਸੂਬੇ ਵਿੱਚ ਵਪਾਰੀਆਂ ਦੀਆਂ ਮੁਸ਼ਕਲਾਂ ਉਨ੍ਹਾਂ ਦੀ ਆਪਣੀ ਜਗ੍ਹਾਂ ਉਤੇ ਹੀ ਸੁਣਨ ਅਤੇ ਇਸ ਦੇ ਮੌਕੇ ਉਤੇ ਹੱਲ ਲਈ ਪੰਜਾਬ ਟਰੇਡਰਜ਼ ਬੋਰਡ ਵੱਲੋਂ ਡਿਵੀਜ਼ਨ ਅਨੁਸਾਰ ਮੀਟਿੰਗਾਂ ਕੀਤੀਆਂ ਜਾਣਗੀਆਂ। ਇਹ ਫੈਸਲਾ ਚੇਅਰਮੈਨ ਪੁਨੀਤ ਸੈਣੀ ਪਿੰਟਾ ਵੱਲੋਂ ਬੋਰਡ ਦੀ ਸੱਦੀ ਮੀਟਿੰਗ ਵਿੱਚ ਕੀਤਾ ਗਿਆ।

ਅੱਜ ਇਥੇ ਪੰਜਾਬ ਭਵਨ ਵਿਖੇ ਹੋਈ ਪੰਜਾਬ ਟਰੇਡਰਜ਼ ਬੋਰਡ ਦੀ ਪ੍ਰਧਾਨਗੀ ਕਰਨ ਉਪਰੰਤ ਪੁਨੀਤ ਸੈਣੀ ਪਿੰਟਾ ਨੇ ਆਖਿਆ ਕਿ ਵਪਾਰੀਆਂ ਵੱਲੋਂ ਦਿੱਤੀ ਫੀਡਬੈਕ ਉਤੇ ਵਿਚਾਰ ਕਰਦਿਆਂ ਅੱਜ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਮੌਕੇ ‘ਤੇ ਹੱਲ ਲਈ ਭਵਿੱਖ ਵਿੱਚ ਡਿਵੀਜ਼ਨ ਅਨੁਸਾਰ ਮੀਟਿੰਗਾਂ ਕੀਤੀਆਂ ਜਾਣਗੀਆਂ।
ਚੇਅਰਮੈਨ ਸ੍ਰੀ ਪਿੰਟਾ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਕਰ ਤੇ ਆਬਕਾਰੀ ਵਿਭਾਗ ਵੀ ਹੈ, ਵੱਲੋਂ ਵਪਾਰੀਆਂ ਲਈ ਯਕਮੁਸ਼ਤ ਨਿਪਟਾਰਾ (ਓ.ਟੀ.ਐਸ.) ਸਕੀਮ ਲਿਆਂਦੀ ਗਈ ਸੀ ਜਿਸ ਦਾ 29500 ਵਪਾਰੀਆਂ ਨੇ ਲਾਭ ਲਿਆ। ਸਮੂਹ ਵਪਾਰੀਆਂ ਵੱਲੋਂ ਮੁੱਖ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਸਬੰਧੀ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ।

ਅੱਜ ਦੀ ਮੀਟਿੰਗ ਵਿੱਚ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਭੁਪਿੰਦਰ ਸਿੰਘ ਬਸੰਤ, ਵਾਈਸ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਸਣੇ ਮੈਂਬਰਾਂ ਸ੍ਰੀ ਬਲਵਿੰਦਰ ਨਾਰੰਗ, ਸ੍ਰੀ ਜਿੰਮੀ ਸ਼ੇਖਰ ਕਾਲੀਆ, ਸ੍ਰੀ ਰਵੀ ਕੁਮਾਰ ਗੁਪਤਾ, ਸ੍ਰੀ ਜਤਿੰਦਰਪਾਲ ਸਿੰਘ ਬੇਦੀ, ਸ੍ਰੀ ਹਰਮੇਸ਼ ਕੁਮਾਰ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਕਰ ਸ੍ਰੀ ਏ. ਵੇਣੂ ਪ੍ਰਸ਼ਾਦ, ਕਰ ਤੇ ਆਬਕਾਰੀ ਕਮਿਸ਼ਨਰ ਸ੍ਰੀ ਨੀਲਕੰਠ ਐੱਸ.ਆਵਾਡ ਡਿਪਟੀ ਕਰ ਤੇ ਆਬਕਾਰੀ ਕਮਿਸ਼ਨਰ ਮੁੱਖ ਦਫਤਰ ਸ੍ਰੀਮਤੀ ਹਰਸਿਮਰਤ ਕੌਰ ਅਤੇ ਆਬਕਾਰੀ ਤੇ ਕਰ ਇੰਸਪੈਕਟਰ ਕਪੂਰਥਲਾ ਸ੍ਰੀ ਜਤਿੰਦਰਪਾਲ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

Exit mobile version