ਬਟਾਲਾ ਨੂੰ ਜ਼ਿਲ੍ਹਾ ਐਲਾਨ ਕੇ ਅੰਗਰੇਜ਼ ਹਕੂਮਤ ਵੱਲੋਂ ਕੀਤੀ ਇਤਿਹਾਸਕ ਗਲਤੀ ਨੂੰ ਜਰੂਰ ਸੁਧਾਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ- ਪ੍ਰਤਾਪ ਸਿੰਘ ਬਾਜਵਾ

ਬਟਾਲਾ ਹਰ ਲਿਹਾਜ ਨਾਲ ਪੂਰਨ ਰੈਵੀਨਿਊ ਜ਼ਿਲ੍ਹਾ ਬਣਨ ਦਾ ਹੱਕ ਰੱਖਦਾ, ਬਟਾਲਾ ਸ਼ਹਿਰ ਵਿੱਚ ਪੀ.ਪੀ.ਪੀ. ਮੋਡ ਰਾਹੀਂ ਬਣਾਇਆ ਜਾਵੇਗਾ ਮੈਡੀਕਲ ਕਾਲਜ – ਬਾਜਵਾ

ਬਟਾਲਾ, 11 ਸਤੰਬਰ ( ਮੰਨਨ ਸੈਣੀ  ) – ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਬਟਾਲਾ ਨੂੰ ਜ਼ਿਲ੍ਹਾ ਐਲਾਨ ਕੇ ਅੰਗਰੇਜ਼ ਹਕੂਮਤ ਵੱਲੋਂ ਕੀਤੀ ਇਤਿਹਾਸਕ ਗਲਤੀ ਨੂੰ ਸੁਧਾਰਨਗੇ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਧਾਰਮਿਕ, ਇਤਿਹਾਸਕ, ਸਾਹਿਤਕ ਅਤੇ ਉਦਯੋਗਿਕ ਖੇਤਰ ਵਿੱਚ ਆਪਣੀ ਖਾਸ ਪਛਾਣ ਰੱਖਦਾ ਹੈ ਅਤੇ ਹਰ ਲਿਹਾਜ ਨਾਲ ਬਟਾਲਾ ਪੂਰਨ ਰੈਵੀਨਿਊ ਜ਼ਿਲ੍ਹਾ ਬਣਨ ਦਾ ਹੱਕ ਰੱਖਦਾ ਹੈ। ਸ. ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ 11 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਚਿੱਠੀ ਲਿਖੀ ਸੀ ਅਤੇ ਮੁੱਖ ਮੰਤਰੀ ਸਾਹਿਬ ਉਨ੍ਹਾਂ ਦੀ ਇਸ ਮੰਗ ਉੱਪਰ ਪੂਰੀ ਸੁਹਿਰਦਤਾ ਨਾਲ ਗੌਰ ਕਰ ਰਹੇ ਹਨ।

ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਮਿਲਟਰੀ ਹਿਸਟੋਰੀਅਨ ਹਨ ਅਤੇ ਉਨ੍ਹਾਂ ਨੇ ਇਤਿਹਾਸ ਪੜ੍ਹਿਆ ਅਤੇ ਲਿਖਿਆ ਵੀ ਹੈ, ਇਹ ਲਈ ਉਹ ਬਟਾਲਾ ਦੀ ਇਤਿਹਾਸਕ ਮਹੱਤਤਾ ਨੂੰ ਹੋਰ ਵੀ ਵਧੇਰੇ ਜਾਣਦੇ ਹਨ। ਉਨ੍ਹਾਂ ਕਿਹਾ ਕਿ ਬਟਾਲਾ ਦੇ ਨਵਾਂ ਜ਼ਿਲ੍ਹਾ ਬਣਨ ਨਾਲ ਬਟਾਲਾ ਸ਼ਹਿਰ ਸਮੇਤ ਪੂਰੇ ਇਲਾਕੇ ਦੇ ਵਸਨੀਕਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਅਜਿਹਾ ਹੋਣ ਨਾਲ ਲੋਕਾਂ ਨੂੰ ਹੋਰ ਵੀ ਗੁੱਡ ਗਵਰਨੈਂਸ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਉੱਪਰ ਵਿਚਾਰ ਕਰ ਰਹੇ ਹਨ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਜਲਦੀ ਹੀ ਬਟਾਲਾ ਨੂੰ ਉਸਦਾ ਬਣਦਾ ਹੱਕ ਮਿਲ ਜਾਵੇਗਾ।

ਸ. ਪ੍ਰਤਾਪ ਸਿੰਘ ਬਾਜਵਾ ਅੱਜ ਬਟਾਲਾ ਸ਼ਹਿਰ ਦੇ ਦੌਰੇ ’ਤੇ ਆਏ ਸਨ ਜਿਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਜਲਦੀ ਹੀ 300 ਬੈੱਡ ਦਾ ਹਸਪਤਾਲ ਤੇ ਮੈਡੀਕਲ ਕਾਲਜ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਟਾਲਾ ਸ਼ਹਿਰ ਵਿਚ 22 ਏਕੜ ਜਗ੍ਹਾ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦੇ ਰਾਹੀਂ ਇਸਦੀ ਤਜਵੀਜ ਪੰਜਾਬ ਸਰਕਾਰ ਨੂੰ ਭਿਜਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਲਜ ਪੀ.ਪੀ.ਪੀ. ਮੋਡ ਰਾਹੀਂ ਸਰਕਾਰ ਤੇ ਨਿੱਜੀ ਕੰਪਨੀ ਦੀ ਭਾਈਵਾਲੀ ਨਾਲ ਬਣੇਗਾ। ਸ. ਬਾਜਵਾ ਨੇ ਕਿਹਾ ਕਿ ਬਟਾਲਾ ਵਿਖੇ ਮੈਡੀਕਲ ਕਾਲਜ ਬਣਨ ਇਸ ਪੂਰੇ ਖਿੱਤੇ ਨੂੰ ਆਲਾ-ਮਿਆਰੀ ਸਿਹਤ ਸਹੂਲਤਾਂ ਮਿਲ ਸਕਣਗੀਆਂ ਅਤੇ ਨਾਲ ਹੀ ਇਲਾਕੇ ਦੇ ਨੌਜਵਾਨ ਡਾਕਟਰੀ ਪੇਸ਼ੇ ਨਾਲ ਜੁੜ ਸਕਣਗੇ। ਸ. ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਉਦਯੋਗ ਨੂੰ ਸੁਰਜੀਤ ਕਰਨ ਲਈ ਵੀ ਯਤਨ ਕੀਤੇ ਜਾਣਗੇ।

ਸ. ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਹੀ ਆਪਣੇ ਇਲਾਕੇ ਅਤੇ ਸੂਬੇ ਦੀ ਅਵਾਜ਼ ਬੁਲੰਦ ਕੀਤੀ ਹੈ ਅਤੇ ਰਾਜ ਸਭਾ ਵਿੱਚ ਵੀ ਉਨ੍ਹਾਂ ਸੂਬੇ ਦੇ ਹਿੱਤਾਂ ਅਤੇ ਕਿਰਸਾਨੀ ਦੀ ਬੇਹਤਰੀ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਉਨ੍ਹਾਂ ਨੇ ਲਗਾਤਾਰ ਅਵਾਜ਼ ਉਠਾਈ ਹੈ ਅਤੇ ਰਾਜ ਸਭਾ ਵਿੱਚ ਉਨ੍ਹਾਂ ਨੇ ਇਨ੍ਹਾਂ ਕਾਨੂੰਨਾਂ ਦਾ ਡਟਵਾਂ ਵਿਰੋਧ ਕੀਤਾ ਹੈ।

ਕੇਂਦਰ ਸਰਕਾਰ ਵੱਲੋਂ ਕਣਕ ਦੇ ਸਮਰਥਨ ਮੁੱਲ ਵਿੱਚ ਕੀਤੇ 40 ਰੁਪਏ ਦੇ ਵਾਧੇ ਨੂੰ ਰੱਦ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਇਹ ਨਿਗੂਣਾ ਵਾਧਾ ਕਿਸਾਨਾਂ ਨਾਲ ਮਜਾਕ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਸਲ ਵਿੱਚ ਕਿਸਾਨ ਵਿਰੋਧੀ ਸਰਕਾਰ ਹੈ ਤਾਂ ਹੀ ਇਸਨੂੰ ਕਿਸਾਨਾਂ ਨਾਲ ਕੋਈ ਸਰੋਕਾਰ ਨਹੀਂ ਹੈ।
ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ ਜੋ ਗੰਨੇ ਦੇ ਰੇਟ ਵਿੱਚ ਵਾਧਾ ਕੀਤਾ ਗਿਆ ਹੈ ਇਸ ਲਈ ਉਹ ਸਰਕਾਰ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਇਸ ਵਾਧੇ ਨਾਲ ਮਾਝਾ ਖੇਤਰ ਦੇ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਲਾਭ ਮਿਲੇਗਾ।

ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜੁਆਬ ਦਿੰਦਿਆਂ ਸ. ਬਾਜਵਾ ਨੇ ਕਿਹਾ ਕਿ ਉਹ 2022 ਦੀ ਵਿਧਾਨ ਸਭਾ ਚੋਣ ਜਰੂਰ ਲੜਨਗੇ ਅਤੇ ਸੀਟ ਸਬੰਧੀ ਫੈਸਲਾ ਪਾਰਟੀ ਹਾਈਕਮਾਨ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਸਮੇਂ ਪੂਰੀ ਮਜ਼ਬੂਤ ਸਥਿਤੀ ਵਿੱਚ ਹੈ 2022 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤ ਕੇ ਮੁੜ ਸਰਕਾਰ ਬਣਾਏਗੀ।

ਇਸ ਮੌਕੇ ਉਨ੍ਹਾਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ, ਚੇਅਰਮੈਨ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ, ਚੇਅਰਮੈਨ ਪਵਨ ਕੁਮਾਰ ਪੰਮਾ, ਚੇਅਰਮੈਨ ਗੁਰਿੰਦਰ ਸਿੰਘ ਚੀਕੂ, ਕਮਿਸ਼ਨਰ ਨਗਰ ਨਿਗਮ ਜਗਵਿੰਦਰਜੀਤ ਸਿੰਘ ਗਰੇਵਾਲ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਰੋਸ਼ਨ ਜੋਸਫ਼, ਤਜਿੰਦਰ ਸਿੰਘ ਬਿਊਟੀ ਰੰਧਾਵਾ, ਬਰਿੰਦਰ ਸਿੰਘ ਛੋਟੇਪੁਰ, ਅਜੇ ਮਹਾਜਨ, ਜਸਵੰਤ ਜੱਸ, ਹਰਵਿੰਦਰ ਸਿੰਘ ਸਾਬਕਾ ਵਾਈਸ ਪ੍ਰਧਾਨ, ਬੱਲਾ ਬਿਸ਼ਨੀਵਾਲ, ਮਨਜੀਤ ਹੰਸਪਾਲ, ਵਕੀਲ ਜਤਿੰਦਰ ਮਾਣਾ, ਜੇਮਜ ਮਸੀਹ, ਰੁਪਿੰਦਰ ਸਿੰਘ ਸ਼ਾਮਪੁਰਾ ਤੋਂ ਇਲਾਵਾ ਹੋਰ ਵੀ ਮੋਹਤਬਰ ਹਾਜ਼ਰ ਸਨ।  

Exit mobile version