ਜ਼ਿਲ੍ਹਾ ਤੋੜਨ ਦਾ ਬੱਬੇਹਾਲੀ ਵੱਲੋਂ ਤਿੱਖਾ ਵਿਰੋਧ, ਬਾਰ ਐਸੋਸੀਏਸ਼ਨ ਦੇ ਸੰਘਰਸ਼ ਦੀ ਕੀਤੀ ਡਟਵੀਂ ਹਮਾਇਤ

ਗੁਰਦਾਸਪੁਰ, 8 ਸਤੰਬਰ (ਮੰਨਨ ਸੈਣੀ)। ਮੌਜੂਦਾ ਗੁਰਦਾਸਪੁਰ ਜ਼ਿਲ੍ਹੇ ਨੂੰ ਤੋੜ ਕੇ ਨਵਾਂ ਜ਼ਿਲ੍ਹਾ ਬਟਾਲਾ ਬਣਾਏ ਜਾਣ ਦੇ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਸੰਭਾਵਿਤ ਐਲਾਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਜ਼ੋਰਦਾਰ ਵਿਰੋਧ ਕੀਤਾ ਹੈ ।

ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਸਰਦਾਰ ਬੱਬੇਹਾਲੀ ਨੇ ਕਿਹਾ ਕਿ ਇਸ ਸਰਹੱਦੀ ਜ਼ਿਲ੍ਹੇ ਦੀ ਵੰਡ ਕਰ ਕੇ ਬਟਾਲਾ ਨੂੰ ਨਵਾਂ ਜ਼ਿਲ੍ਹਾ ਬਣਾਇਆ ਜਾਣਾ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ । ਕਾਂਗਰਸ ਸਰਕਾਰ ਵੋਟਾਂ ਦੀ ਰਾਜਨੀਤੀ ਕਰਦਿਆਂ ਇਹ ਫ਼ੈਸਲਾ ਲੈਣ ਜਾ ਰਹੀ ਹੈ ਜਿਸ ਦੇ ਖ਼ਿਲਾਫ਼ ਬਾਰ ਐਸੋਸੀਏਸ਼ਨ, ਗੁਰਦਾਸਪੁਰ ਹਮਖ਼ਿਆਲੀ ਸੰਗਠਨਾਂ ਨਾਲ ਮਿਲ ਕੇ ਪਹਿਲਾਂ ਹੀ ਸੰਘਰਸ਼ ਵਿੱਢ ਚੁੱਕੀ ਹੈ । ਉਨ੍ਹਾਂ ਗੁਰਦਾਸਪੁਰ ਦੇ ਵਕੀਲਾਂ ਅਤੇ ਹੋਰਨਾਂ ਸੰਗਠਨਾਂ ਕੀਤੇ ਜਾ ਰਹੇ ਸੰਘਰਸ਼ ਦੀ ਡਟਵੀਂ ਹਿਮਾਇਤ ਕਰਦਿਆਂ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਨਾਲ ਗੁਰਦਾਸਪੁਰ ਦੀ ਹੋਂਦ ਉੱਕਾ ਹੀ ਖ਼ਤਮ ਹੋ ਜਾਵੇਗੀ ਅਤੇ ਇਹ ਬੇਹੱਦ ਛੋਟਾ ਜਿਹਾ ਨਾਮ ਦਾ ਹੀ ਜ਼ਿਲ੍ਹਾ ਬਣ ਕੇ ਰਹਿ ਜਾਵੇਗਾ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਸਰਕਾਰ ਖ਼ਜ਼ਾਨਾ ਖ਼ਾਲੀ ਹੋਣ ਦਾ ਰੋਣਾ ਰੋਂਦੀ ਰਹਿੰਦੀ ਹੈ ਦੂਸਰੇ ਪਾਸੇ ਨਵਾਂ ਜ਼ਿਲ੍ਹਾ ਬਣਨ ਮਗਰੋਂ ਕਰੋੜਾਂ ਦੇ ਖ਼ਰਚ ਦਾ ਬੋਝ ਵੀ ਆਮ ਲੋਕਾਂ ਤੇ ਪਾਇਆ ਜਾਵੇਗਾ । ਮੌਜੂਦਾ ਗੁਰਦਾਸਪੁਰ ਜ਼ਿਲ੍ਹੇ ਦੇ ਬਹੁਤ ਸਾਰੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਵਾਲੇ ਉਹ ਸਥਾਨ ਵੀ ਇਸ ਨਾਲੋਂ ਟੁੱਟ ਜਾਣਗੇ ਜਿਨ੍ਹਾਂ ਨਾਲ ਮੌਜੂਦਾ ਗੁਰਦਾਸਪੁਰ ਜ਼ਿਲ੍ਹੇ ਦੀ ਪਹਿਚਾਣ ਹੈ ਅਤੇ ਜ਼ਿਲ੍ਹਾ ਵਾਸੀ ਇਨ੍ਹਾਂ ਤੇ ਮਾਨ ਕਰਦੇ ਹਨ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਦੀ ਭਾਵਨਾਵਾਂ ਨੂੰ ਸੱਟ ਨਾਂ ਮਾਰੇ ਅਤੇ ਬਟਾਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀ ਬਜਾਏ ਇਸ ਪਛੜੇ ਸਰਹੱਦੀ ਜ਼ਿਲ੍ਹੇ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਬਿਹਤਰ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕੇ ।

Exit mobile version