ਪੰਜਾਬ ਪੁਲਿਸ ਵੱਲੋਂ ਸੁਤੰਤਰਤਾ ਦਿਵਸ ਮੌਕੇ ਵੱਡੇ ਆਤੰਕੀ ਹਮਲੇ ਨੂੰ ਟਾਲਦਿਆਂ 2 ਅੱਤਵਾਦੀ ਗ੍ਰਿਫਤਾਰ, ਹੱਥ ਗੋਲੇ ਅਤੇ ਹੋਰ ਹਥਿਆਰ ਕੀਤੇ ਜ਼ਬਤ

ਚੰਡੀਗੜ੍ਹ, 16 ਅਗਸਤ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਅਧਾਰਤ ਫ਼ੌਜਾਂ ਦੁਆਰਾ ਸੂਬੇ ਨੂੰ ਵਧਦੇ ਅੱਤਵਾਦ ਦੇ ਖ਼ਤਰੇ ਦੀ ਚਿਤਾਵਨੀ ਦੇਣ ਤੋਂ ਕੁਝ ਦਿਨਾਂ ਬਾਅਦ, ਪੰਜਾਬ ਪੁਲਿਸ ਨੇ ਐਤਵਾਰ ਦੀ ਰਾਤ ਨੂੰ ਸੁਤੰਤਰਤਾ ਦਿਵਸ ਵਾਲੇ ਦਿਨ ਜਾਂ ਉਸ ਤੋਂ ਬਾਅਦ ਕਿਸੇ ਸੰਭਾਵਤ ਆਤੰਕੀ ਹਮਲੇ ਨੂੰ ਟਾਲਦਿਆਂ ਯੂ.ਕੇ. ਅਧਾਰਤ ਅੱਤਵਾਦੀ ਸੰਗਠਨ ਨਾਲ ਜੁੜੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਜਿਸ ਵਿੱਚ 2 ਹੱਥ ਗੋਲੇ, 1 ਪਿਸਤੌਲ (9 ਐਮਐਮ) ਸਮੇਤ ਜਿੰਦਾ ਕਾਰਤੂਸ ਅਤੇ ਮੈਗਜੀਨਾਂ ਸ਼ਾਮਲ ਸਨ।

ਡੀਜੀਪੀ ਦਿਨਕਰ ਗੁਪਤਾ ਦੇ ਅਨੁਸਾਰ, ਇਹ ਦੋਵੇਂ ਯੂ.ਕੇ. ਅਧਾਰਤ ਅੱਤਵਾਦੀ ਗੁਰਪ੍ਰੀਤ ਸਿੰਘ ਖਾਲਸਾ ਉਰਫ਼ ਗੁਰਪ੍ਰੀਤ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਸਨ। ਇਹਨਾਂ ਦੋਵਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਹਨਾਂ ਨੂੰ ਸਰਹੱਦ ਪਾਰੋਂ ਭੇਜੇ ਜਾ ਰਹੀ ਹਥਿਆਰਾਂ ਦੀ ਖੇਪ ਨੂੰ ਪ੍ਰਾਪਤ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਖੇਪ ਕੁਝ ਦਿਨ ਪਹਿਲਾਂ ਅਟਾਰੀ-ਝਬਾਲ ਰੋਡ ਦੇ ਆਲੇ ਦੁਆਲੇ ਦੇ ਸਰਹੱਦੀ ਖੇਤਰ ਵਿੱਚ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਖਾਲਸਾ ਉਰਫ਼ ਗੁਰਪ੍ਰੀਤ ਲੁਧਿਆਣਾ ਦੇ ਸ਼ਿੰਗਾਰ ਬੰਬ ਮਾਮਲੇ ਵਿੱਚ ਵੀ ਸ਼ਾਮਲ ਸੀ।

ਵੇਰਵੇ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਪਾਕਿਸਤਾਨੀ ਆਈਐਸਆਈ ਅਤੇ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀ ਅਨਸਰਾਂ, ਜੋ ਆਈ.ਐਸ.ਆਈ. ਦੇ ਸਹਿਯੋਗ ਨਾਲ ਕੰਮ ਕਰ ਰਹੇ ਹਨ, ਵੱਲੋਂ ਸੁਤੰਤਰਤਾ ਦਿਵਸ ਮੌਕੇ ਜਾਂ ਇਸ ਦੇ ਆਲੇ ਦੁਆਲੇ ਭਾਰਤ ਵਿੱਚ ਹਮਲਾ ਕਰਨ ਦੀ ਯੋਜਨਾ ਸਬੰਧੀ ਸੂਹਾਂ ਮਿਲਣ ਦੇ ਮੱਦੇਨਜ਼ਰ, ਪੰਜਾਬ ਪੁਲਿਸ ਵੱਲੋਂ ਸਰਹੱਦਾਂ ‘ਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਵਿਸ਼ੇਸ਼ ਸੁਰੱਖਿਆ ਚੌਕੀਆਂ ਸਥਾਪਤ ਕੀਤੀਆਂ ਗਈਆਂ ਸਨ ਅਤੇ ਦਿਨ-ਰਾਤ ਗਸ਼ਤ ਵਿੱਚ ਵੀ ਵਾਧਾ ਕੀਤਾ ਗਿਆ ਸੀ।

15 ਅਤੇ 16 ਅਗਸਤ ਦੀ ਦਰਮਿਆਨੀ ਰਾਤ ਨੂੰ ਅਜਿਹੇ ਇੱਕ ਨਾਕੇ ‘ਤੇ ਚੈਕਿੰਗ ਦੌਰਾਨ, ਪੁਲਿਸ ਥਾਣਾ ਘਰਿੰਡਾ, (ਅੰਮ੍ਰਿਤਸਰ-ਦਿਹਾਤੀ) ਵਿਖੇ ਅੱਡਾ ਖਾਲਸਾ ਕੋਲ ਲਗਾਏ ਇੱਕ ਨਾਕੇ ‘ਤੇ ਤਾਇਨਾਤ ਪੁਲਿਸ ਕਰਮਚਾਰੀ ਵੱਲੋਂ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੋਕਿਆ ਗਿਆ। ਪੁਲਿਸ ਨੇ ਦੋਵਾਂ ਨੂੰ ਸ਼ੱਕੀ ਪਾਇਆ ਕਿਉਂਕਿ ਉਹ ਨਾ ਤਾਂ ਦੇਰ ਰਾਤ ਆਪਣੀ ਮੌਜੂਦਗੀ ਬਾਰੇ ਦੱਸ ਸਕੇ ਅਤੇ ਨਾ ਹੀ ਵਾਹਨ ਦੀ ਮਾਲਕੀ ਨਾਲ ਸਬੰਧਤ ਕੋਈ ਪ੍ਰਮਾਣਿਕ ਦਸਤਾਵੇਜ਼ ਪੇਸ਼ ਕਰ ਸਕੇ। ਡੀਜੀਪੀ ਨੇ ਦੱਸਿਆ ਕਿ ਪਿੱਛੇ ਬੈਠੇ ਵਿਅਕਤੀ ਅੰਮ੍ਰਿਤਪਾਲ ਸਿੰਘ ਪੁੱਤਰ ਕਰਨੈਲ ਸਿੰਘ ਦੀ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 1 ਪਿਸਤੌਲ (9 ਐਮ.ਐਮ.), 1 ਮੈਗਜ਼ੀਨ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਹੋਏ। ਮੋਟਰ ਸਾਈਕਲ ਨੂੰ ਸੁਲਤਾਨਵਿੰਡ, ਅੰਮ੍ਰਿਤਸਰ ਦਾ ਸੈਮੀ ਪੁੱਤਰ ਰਣਜਿੰਦਰ ਸਿੰਘ ਚਲਾ ਰਿਹਾ ਸੀ।

ਬੁਲਾਰੇ ਨੇ ਦੱਸਿਆ ਕਿ ਉਹਨਾਂ ਕੋਲੋਂ ਕੁੱਲ 2 ਹੈਂਡ ਗ੍ਰਨੇਡ, 2 ਪਿਸਤੌਲ (9 ਐਮ.ਐਮ.), 4 ਮੈਗਜ਼ੀਨ ਅਤੇ 20 ਗੋਲੀਆਂ ਜ਼ਬਤ ਕੀਤੀਆਂ ਗਈਆਂ। ਬੁਲਾਰੇ ਨੇ ਅੱਗੇ ਦੱਸਿਆ ਕਿ ਆਰਮਜ਼ ਐਕਟ 1959 ਦੀ ਧਾਰਾ 25/27 ਅਤੇ ਵਿਸਫੋਟਕ ਪਦਾਰਥ (ਸੋਧ) ਐਕਟ 2001 ਦੀ ਧਾਰਾ 3,4,5 ਤਹਿਤ ਐਫਆਈਆਰ ਨੰਬਰ 187 ਮਿਤੀ 16.8.2021 ਥਾਣਾ ਘਰਿੰਡਾ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪਿਛਲੇ ਹਫ਼ਤੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਪਾਕਿਸਤਾਨ ਅਧਾਰਤ ਅੱਤਵਾਦੀ ਤਾਕਤਾਂ ਤੋਂ ਸੁਰੱਖਿਆ ਲਈ ਸੀਮਾ ਸੁਰੱਖਿਆ ਬਲ (ਬੀਐਸਐਫ) ਵਾਸਤੇ ਡਰੋਨ ਵਿਰੋਧੀ ਯੰਤਰਾਂ ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਦੀਆਂ 25 ਕੰਪਨੀਆਂ ਦੀ ਮੰਗ ਕੀਤੀ ਸੀ।

Exit mobile version