ਮੁੱਖ ਮੰਤਰੀ ਵੱਲੋਂ ਮੋਗਾ ਜ਼ਿਲ੍ਹੇ ਵਿੱਚ ‘ਸਿਵੀਆ ਰਜਬਾਹੇ’ ਦੇ ਨਵੀਨੀਕਰਨ ਲਈ 13 ਕਰੋੜ ਰੁਪਏ ਦੀ ਪ੍ਰਵਾਨਗੀ

ਬਾਘਾ ਪੁਰਾਣਾ ਵਿਧਾਨ ਸਭਾ ਹਲਕੇ ਦੇ 17 ਪਿੰਡਾਂ ਦੇ ਕਿਸਾਨਾਂ ਦੀ ਚਿਰੋਕਣੀ ਮੰਗ ਨੂੰ ਮੰਨਿਆ

ਚੰਡੀਗੜ੍ਹ, 12 ਅਗਸਤ:- ਬਾਘਾ ਪੁਰਾਣਾ ਵਿਧਾਨ ਸਭਾ ਹਲਕੇ ਦੇ 17 ਪਿੰਡਾਂ ਦੇ ਸਥਾਨਕ ਕਿਸਾਨਾਂ ਦੀ ਚਿਰੋਕਣੀ ਮੰਗ ਨੂੰ ਮੰਨਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੋਗਾ ਜ਼ਿਲ੍ਹੇ ਵਿੱਚ ‘ਸਿਵੀਆ ਰਜਬਾਹਾ’ ਦੇ ਨਵੀਨੀਕਰਨ ਅਤੇ ਰੀਲਾਈਨਿੰਗ ਲਈ 13 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਬਾਘਾਪੁਰਾਣਾ ਬਲਾਕ ਸੰਮਤੀ ਦੇ ਚੇਅਰਮੈਨ ਗੁਰਚਰਨ ਸਿੰਘ ਚੀਦਾ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਅੱਜ ਦੁਪਹਿਰ ਵੇਲੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਓ.ਐਸ.ਡੀ. ਸੰਦੀਪ ਸਿੰਘ ਬਰਾੜ ਦੀ ਹਾਜ਼ਰੀ ਵਿੱਚ ਮੁਲਾਕਾਤ ਕੀਤੀ। ਵਫ਼ਦ ਨੇ ਇਸ ਨੇਕ ਕਾਰਜ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ, ਮੁੱਖ ਮੰਤਰੀ ਨੇ ਜਲ ਸਰੋਤ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਉਹ ਨਵੀਨੀਕਰਨ ਅਤੇ ਰੀਲਾਇਨਿੰਗ ਦਾ ਕੰਮ ਛੇਤੀ ਤੋਂ ਛੇਤੀ ਕਰਨ ਤਾਂ ਜੋ ਸਥਾਨਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਲਈ ਲੋੜੀਂਦਾ ਪਾਣੀ ਮਿਲ ਸਕੇ।

ਸਿਵੀਆ ਰਜਬਾਹੇ ਦੀ ਖਸਤਾ ਹਾਲਤ ਦਾ ਮੁੱਦਾ ਉਠਾਉਂਦਿਆਂ, ਵਫ਼ਦ ਨੇ ਇਸ ਨੂੰ ਤੁਰੰਤ ਮਜ਼ਬੂਤ ਕਰਨ ਦੀ ਮੰਗ ਕੀਤੀ ਤਾਂ ਜੋ ਇਸ ਦੀ ਪਾਣੀ ਲਿਜਾਣ ਦੀ ਸਮਰੱਥਾ 30 ਤੋਂ 75 ਕਿਊਸਿਕ ਤੱਕ ਵਧਾਈ ਜਾ ਸਕੇ। ਵਫ਼ਦ ਨੇ ਕਿਹਾ ਕਿ ਇਸ ਦੀ ਨਾਜ਼ੁਕ ਸਥਿਤੀ ਦੇ ਕਾਰਨ ਮੌਜੂਦਾ ਪਾਣੀ ਦੀ ਸਮਰੱਥਾ ਬਹੁਤ ਘੱਟ ਸੀ ਅਤੇ ਇਸ ਕਾਰਨ ਲਗਾਤਾਰ ਪਾੜ ਪੈਣ ਕਰਕੇ ਫਸਲਾਂ ਦਾ ਨੁਕਸਾਨ ਅਤੇ ਖੇਤਾਂ ਨੂੰ ਪਾਣੀ ਦੀ ਸਪਲਾਈ ‘ਤੇ ਮਾੜਾ ਅਸਰ ਪਿਆ।

Exit mobile version