ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਬਟਾਲਾ ਦੇ ਸਲੱਮ ਏਰੀਏ ਵਿੱਚ 9ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਰੈਡ ਕਰਾਸ ਹਾਸਪੀਟਲ ਵੈਲਫੇਅਰ ਸੈਂਕਸ਼ਨ ਦੇ ਚੇਅਰਪਰਸਨ ਮੋਹਤਰਮਾ ਸ਼ਾਹਲਾ ਕਾਦਰੀ ਨੇ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ

ਬਟਾਲਾ, 12 ਅਗਸਤ ( ਮੰਨਨ ਸੈਣੀ) । ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਅੱਜ ਸਿਹਤ ਵਿਭਾਗ ਦੇ ਸਹਿਯੋਗ ਨਾਲ ਬਟਾਲਾ ਦੇ ਸਲੱਮ ਏਰੀਏ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੇ ਨਿਰਦੇਸ਼ਾਂ ਤਹਿਤ ਬਟਾਲਾ ਦੇ ਸਲੱਮ ਏਰੀਏ ਵਿੱਚ ਇਹ 9ਵਾਂ ਮੁਫ਼ਤ ਮੈਡੀਕਲ ਕੈਂਪ ਸੀ। ਇਸ ਮੈਡੀਕਲ ਕੈਂਪ ਦਾ ਉਦਘਾਟਨ ਰੈਡ ਕਰਾਸ ਹਾਸਪੀਟਲ ਵੈਲਫੇਅਰ ਸੈਂਕਸ਼ਨ ਦੇ ਚੇਅਰਪਰਸਨ ਮੋਹਤਰਮਾ ਸ਼ਾਹਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕੀਤਾ। ਇਸ ਮੌਕੇ ਉਨਾਂ ਨਾਲ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਮਾਹਿਰ ਡਾਕਟਰ ਹਰਪਾਲ ਸਿੰਘ, ਸੁਪਰਡੈਂਟ ਨਗਰ ਨਿਗਮ ਸ. ਨਿਰਮਲ ਸਿੰਘ ਅਤੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸੈਕਟਰੀ ਰਾਜੀਵ ਕੁਮਾਰ ਠਾਕੁਰ ਵੀ ਮੌਜੂਦ ਸਨ।

ਇਸ ਮੈਡੀਕਲ ਕੈਂਪ ਦੌਰਾਨ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਮਾਹਿਰ ਡਾਕਟਰਾਂ ਵੱਲੋਂ 100 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਕੁਝ ਗੰਭੀਰ ਰੋਗਾਂ ਦੇ ਮਰੀਜ਼ਾਂ ਨੂੰ ਸਿਵਲ ਹਸਪਤਾਲ ਬਟਾਲਾ ਤੋਂ ਇਲਾਜ ਕਰਵਾਉਣ ਲਈ ਵੀ ਕਿਹਾ ਗਿਆ। ਡਾ. ਹਰਪਾਲ ਸਿੰਘ ਨੇ ਕਿਹਾ ਕਿ ਸਲੱਮ ਏਰੀਏ ਦੇ ਲੋਕਾਂ ਨੂੰ ਇਨਾਂ ਮੈਡੀਕਲ ਕੈਂਪਾਂ ਦਾ ਬਹੁਤ ਫਾਇਦਾ ਹੋ ਰਿਹਾ ਹੈ ਅਤੇ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਏ ਹਨ।

ਰੈਡ ਕਰਾਸ ਹਾਸਪੀਟਲ ਵੈਲਫੇਅਰ ਸੈਂਕਸ਼ਨ ਦੇ ਚੇਅਰਪਰਸਨ ਮੋਹਤਰਮਾ ਸ਼ਾਹਲਾ ਕਾਦਰੀ ਨੇ ਇਸ ਮੈਡੀਕਲ ਕੈਂਪ ਦੀ ਸਰਾਹਨਾ ਕਰਦਿਆਂ ਕਿਹਾ ਕਿ ਰੈੱਡ ਕਰਾਸ ਤੇ ਸਿਹਤ ਵਿਭਾਗ ਵੱਲੋਂ ਮਿਲ ਕੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਕਸਰ ਹੀ ਸਲੱਮ ਏਰੀਏ ਦੇ ਲੋਕ ਅਣਗਹਿਲੀ ਜਾਂ ਜਾਗਰੂਕਤਾ ਨਾ ਹੋਣ ਕਾਰਨ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ ਜਿਸ ਕਾਰਨ ਕਈ ਵਾਰ ਛੋਟੇ-ਛੋਟੇ ਮਰਜ਼ ਵੱਡੀਆਂ ਬਿਮਾਰੀਆਂ ਦਾ ਰੂਪ ਧਾਰਨ ਕਰ ਜਾਂਦੇ ਹਨ। ਉਨਾਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਇਨਾਂ ਦੇ ਘਰ ਤੱਕ ਮੈਡੀਕਲ ਸਹੂਲਤ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਬਟਾਲਾ ਸ਼ਹਿਰ ਵਿਖੇ ਸਲੱਮ ਏਰੀਏ ਵਿੱਚ ਇਹ 9ਵਾਂ ਕੈਂਪ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਕੈਂਪ ਜਾਰੀ ਰਹਿਣਗੇ।

ਇਸ ਦੌਰਾਨ ਮੋਹਤਰਮਾ ਸ਼ਾਹਲਾ ਕਾਦਰੀ ਨੇ ਸਲੱਮ ਏਰੀਏ ਦੇ ਵਸਨੀਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ। ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਨੇ ਅਜੇ ਤੱਕ ਕੋਵਿਡ ਵੈਕਸੀਨ ਨਹੀਂ ਲਗਵਾਈ ਉਹ ਵੈਕਸੀਨ ਜਰੂਰ ਲਗਵਾਉਣ। ਇਸਦੇ ਨਾਲ ਹੀ ਉਨਾਂ ਸਫ਼ਾਈ ਦੀ ਮਹੱਤਤਾ ਸਮਝਾਉਂਦਿਆਂ ਕਿਹਾ ਕਿ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖ ਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

Exit mobile version