ਬਟਾਲਾ ਵਾਸੀਆਂ ਨੇ ਸ਼ਿਵ ਕੁਮਾਰ ਬਟਾਲਵੀ ਦਾ 85ਵਾਂ ਜਨਮ ਦਿਨ ਮਨਾਇਆ

ਕਵੀ ਦਰਬਾਰ ਦੌਰਾਨ ਕਵੀਆਂ ਨੇ ਆਪਣੇ ਕਲਾਮ ਪੇਸ਼ ਕਰਕੇ ਸ਼ਿਵ ਬਟਾਲਵੀ ਨੂੰ ਅਕੀਦਤ ਭੇਟ ਕੀਤੀ

ਸ਼ਿਵ ਨੇ ਆਪਣੀ ਸ਼ਾਇਰੀ ਰਾਹੀਂ ਪੂਰੀ ਦੁਨੀਆਂ ਵਿੱਚ ਬਟਾਲਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ – ਐੱਸ.ਡੀ.ਐੱਮ ਬਟਾਲਾ

ਬਟਾਲਾ, 23 ਜੁਲਾਈ ( ਮੰਨਨ ਸੈਣੀ ) – ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ 85ਵਾਂ ਜਨਮ ਦਿਨ ਅੱਜ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਪੂਰੇ ਉਤਸ਼ਾਹ ਨਾਲ ਮਨਾਉਂਦਿਆਂ ਇੱਕ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ। ਕੋਰੋਨਾ ਵਾਇਰਸ ਦੇ ਚੱਲਦਿਆਂ ਸੋਸਲ ਡਿਸਟੈਂਸ ਨੂੰ ਬਰਕਾਰ ਰੱਖਦਿਆਂ ਇਹ ਪ੍ਰੋਗਰਾਮ ਸਾਦੇ ਢੰਗ ਨਾਲ ਮਨਾਇਆ ਗਿਆ। ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ.) ਹਰਪਾਲ ਸਿੰਘ ਸੰਧਾਵਾਲੀਆ, ਹਰਭਜਨ ਸਿੰਘ ਬਾਜਵਾ, ਸਵਰਨ ਮੁੱਢ, ਦਵਿੰਦਰ ਦੀਦਾਰ, ਡੀ.ਪੀ.ਆਰ.ਓ. ਬਟਾਲਾ ਇੰਦਰਜੀਤ ਸਿੰਘ ਹਰਪੁਰਾ ਸਮੇਤ ਬਟਾਲਾ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਤੇ ਸ਼ਿਵ ਸਨੇਹੀ ਸ਼ਾਮਲ ਹੋਏ।

ਕਵੀ ਦਰਬਾਰ ਦੌਰਾਨ ਸ਼ਾਇਰ ਡਾ. ਰਵਿੰਦਰ ਸਿੰਘ, ਹਰਭਜਨ ਸਿੰਘ ਬਾਜਵਾ, ਵਿਜੇ ਅਗਨੀਹੋਤਰੀ, ਕੁਲਬੀਰ ਸੱਗੂ, ਸੰਧੂ ਬਟਾਲਵੀ, ਅਜੀਤ ਕਮਲ, ਸਤਿੰਦਰ ਕੌਰ ਕਾਹਲੋਂ, ਸਿਮਰਤ ਸੁਮੈਰਾ, ਜਸਵੰਤ ਹਾਂਸ, ਡੀ.ਈ.ਓ. ਹਰਪਾਲ ਸਿੰਘ ਸੰਧਾਵਾਲੀਆ, ਗੁਰਦੀਸ਼ ਸਿੰਘ ਬਾਜਵਾ, ਰਮੇਸ਼ ਭਗਤ, ਰਣਜਤ ਸਿੰਘ ਰਾਣਾ, ਡਾ. ਸਤਿੰਦਰਜੀਤ ਕੌਰ ਬੁੱਟਰ, ਰਣਜੀਤ ਕੌਰ ਬਾਜਵਾ, ਪ੍ਰਸ਼ੋਤਮ ਲੱਲੀ ਅਤੇ ਓਮ ਪ੍ਰਕਾਸ਼ ਭਗਤ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਕਰਮਜੀਤ ਕੌਰ ਨੇ ਸ਼ਿਵ ਬਟਾਲਵੀ ਦੇ ਗੀਤ ਗਾ ਕੇ ਕਵੀ ਦਰਬਾਰ ਨੂੰ ਸੁਰਮਈ ਬਣਾ ਦਿੱਤਾ।  

ਪੂਰੀ ਦੁਨੀਆਂ ਵਿੱਚ ਵੱਸਦੇ ਸ਼ਿਵ ਬਟਾਲਵੀ ਦੇ ਪ੍ਰਸੰਸਕਾਂ ਨੂੰ ਉਨਾਂ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਬਟਾਲਾ ਵਾਸੀਆਂ ਨੂੰ ਆਪਣੇ ਲਾਡਲੇ ਸ਼ਾਇਰ ਉੱਪਰ ਬਹੁਤ ਮਾਣ ਹੈ ਜਿਨਾਂ ਨੇ ਆਪਣੀ ਸ਼ਾਇਰੀ ਰਾਹੀਂ ਬਟਾਲਾ ਸ਼ਹਿਰ ਦਾ ਨਾਮ ਵੀ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਉਨਾਂ ਕਿਹਾ ਕਿ ਸ਼ਿਵ ਬਟਾਲਵੀ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਅਜਿਹੀਆਂ ਖੂਬਸੂਰਤ ਰਚਨਾਵਾਂ ਪਾਈਆਂ ਹਨ ਜੋ ਰਹਿੰਦੀ ਦੁਨੀਆਂ ਤੱਕ ਉਸ ਨੂੰ ਲੋਕ ਮਨਾਂ ਵਿੱਚ ਜ਼ਿੰਦਾ ਰੱਖਣਗੀਆਂ। ਉਨਾਂ ਕਿਹਾ ਕਿ ਅਜੋਕੀ ਪੀੜੀ ਨੂੰ ਆਪਣੇ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਅਤੇ ਸ਼ਿਵ ਬਟਾਲਵੀ ਵਰਗੇ ਸਿਰਮੌਰ ਕਵੀਆਂ ਨੂੰ ਜਰੂਰ ਪੜਨਾ ਚਾਹੀਦਾ ਹੈ।  

ਇਸ ਮੌਕੇ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਸ਼ਿਵ ਉਹ ਮਹਾਨ ਸ਼ਾਇਰ ਸੀ ਜਿਸਨੇ ਆਪਣੀਆਂ ਕਵਿਤਾਵਾਂ ਦੇ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਬਹੁਤ ਉੱਚੇ ਮੁਕਾਮ ਉੱਪਰ ਪਹੁੰਚਾਇਆ ਹੈ। ਉਨਾਂ ਕਿਹਾ ਕਿ ਦੁਨੀਆਂ ਦੇ ਹਰ ਕੋਨੇ ਵਿੱਚ ਸ਼ਿਵ ਨੂੰ ਪਿਆਰ ਕਰਨ ਵਾਲੇ ਮੌਜੂਦ ਹਨ ਅਤੇ ਬਟਾਲਾ ਵਾਸੀਆਂ ਨੂੰ ਇਸ ਗੱਲ ਉੱਪਰ ਹਮੇਸ਼ਾਂ ਮਾਣ ਰਹੇਗਾ ਕਿ ਸ਼ਿਵ ਬਟਾਲਵੀ ਉਨਾਂ ਦੇ ਸ਼ਹਿਰ ਦੇ ਸਨ। ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਸ਼ਿਵ ਬਟਾਲਵੀ ਨੇ ਇਕੱਲੀ ਬਿਰਹਾ ਦੀ ਕਵਿਤਾ ਹੀ ਨਹੀਂ ਲਿਖੀ ਬਲਕਿ ਉਹ ਇੱਕ ਖੁਸ਼ ਮਿਜਾਜ ਅਤੇ ਸਮਾਜਿਕ ਕੁਰੀਤੀਆਂ ਖਿਲਾਫ਼ ਅਵਾਜ਼ ਬੁਲੰਦ ਕਰਨ ਵਾਲਾ ਸ਼ਾਇਰ ਵੀ ਸੀ। ਉਸਦਾ ਲਿਖਿਆ ਕਾਵਿ-ਨਾਟ ਲੂਣਾ ਉਸਦੀ ਸ਼ਾਹਕਾਰ ਰਚਨਾ ਹੈ ਜਿਸ ਵਿੱਚ ਉਸਨੇ ਲੂਣਾ ਨੂੰ ਇੱਕ ਨਾਇਕਾ ਵਜੋਂ ਪੇਸ਼ ਕਰਕੇ ਸਮਾਜਿਕ ਮਿੱਥ ਨੂੰ ਤੋੜਿਆ ਹੈ। ਉਨਾਂ ਕਿਹਾ ਕਿ ਸ਼ਿਵ ਦੀ ਸ਼ਾਇਰੀ ਬਹੁਤ ਡੂੰਘੀ ਅਤੇ ਬਹੁਪੱਖੀ ਹੈ ਜਿਸਨੂੰ ਸਮਝਣ ਦੀ ਲੋੜ ਹੈ।  

ਇਸ ਮੌਕੇ ਪ੍ਰੋਫੈਸਰ ਗੁਰਵੰਤ ਸਿੰਘ, ਸੂਬਾ ਸਿੰਘ ਖੈਹਿਰਾ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਭਾਰਤ ਭੂਸ਼ਨ ਅਗਰਵਾਲ, ਡਾ. ਮਲਵਿੰਦਰ ਸਿੰਘ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਬਲਵਿੰਦਰ ਸਿੰਘ ਪੰਜਗਰਾਈਆਂ, ਅਨੁਰਾਗ ਮਹਿਤਾ, ਮਨਜਿੰਦਰ ਸਿੰਘ ਸੰਧੂ, ਸੁਰਿੰਦਰ ਸਿੰਘ ਚੀਮਾ, ਬਲਬੀਰ ਕੌਰ ਮਾਨ, ਸੁਪਰਡੈਂਟ ਨਿਰਮਲ ਸਿੰਘ ਤੇ ਹੋਰ ਵੀ ਸ਼ਿਵ ਸਨੇਹੀ ਹਾਜ਼ਰ ਸਨ।

Exit mobile version