‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਤਹਿਤ ਹੁਣ ਤੱਕ 2.8 ਲੱਖ ਔਰਤਾਂ ਅਤੇ ਲੜਕੀਆਂ ਨੂੰ ਕੀਤਾ ਗਿਆ ਜਾਗਰੂਕ : ਅਰੁਨਾ ਚੌਧਰੀ

ਅਨੀਮੀਆ ਦੇ ਖ਼ਾਤਮੇ ਲਈ 8,08,01 ਬੱਚਿਆਂ ਅਤੇ 2,40,093 ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਨਵੀਂ ਪੌਸ਼ਟਿਕ ਖ਼ੁਰਾਕ ਕਰਵਾਈ ਜਾ ਰਹੀ ਹੈ ਮੁਹੱਈਆ

ਚੰਡੀਗੜ੍ਹ, 21 ਜੁਲਾਈ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਦੱਸਿਆ ਕਿ ਅਨੀਮੀਆ ਜਿਹੀ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਵਿਭਾਗ ਵੱਲੋਂ ‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਸੂਬੇ ਦੀਆਂ ਲਗਭਗ 2.6 ਲੱਖ ਔਰਤਾਂ ਅਤੇ 20,000 ਲੜਕੀਆਂ ਨੂੰ ਜਾਗਰੂਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਲੱਖ ਤੋਂ ਵੱਧ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਲਗਾਤਾਰ ਪੌਸ਼ਟਿਕ ਖ਼ੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ।

ਇਥੇ ਜਾਰੀ ਬਿਆਨ ਵਿੱਚ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ 7 ਜੁਲਾਈ ਨੂੰ ‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੋਵਿਡ ਸਬੰਧੀ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਰਾਹੀਂ ਪਿੰਡਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਅਨੀਮੀਆ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।

ਸ੍ਰੀਮਤੀ ਚੌਧਰੀ ਨੇ ਕਿਹਾ ਕਿ ਅਨੀਮੀਆ ਲੋਕਾਂ ਦੀ ਸਿਹਤ ਲਈ ਇੱਕ ਚਿੰਤਾ ਦਾ ਮੁੱਦਾ ਹੈ। ਸੂਬੇ ਵਿੱਚ ਇਸ ਚੁਣੌਤੀ ਨੂੰ ਠੱਲ੍ਹ ਪਾਉਣ ਲਈ ਕਈ ਪਹਿਲਕਦਮੀਆਂ ਅਰੰਭੀਆਂ ਗਈਆਂ ਹਨ। ਹਰ ਬੁੱਧਵਾਰ ਨੂੰ ਅਨੀਮੀਆ ‘ਤੇ ਕੇਂਦਰਿਤ ਕਮਿਊਨਿਟੀ ਆਧਾਰਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਨੀਮੀਆ ਬਾਰੇ ਜਾਗਰੂਕ ਕਰਨ ਲਈ ਸੋੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।

ਮੰਤਰੀ ਨੇ ਦੱਸਿਆ ਕਿ ਸਪਲੀਮੈਂਟਰੀ ਨਿਊਟ੍ਰੀਸ਼ਨਲ ਪ੍ਰੋਗਰਾਮ (ਐਸ.ਐਨ.ਪੀ.) ਤਹਿਤ ਪਿਛਲੇ ਮਹੀਨੇ ਨਵੀਆਂ ਪੌਸ਼ਟਿਕ ਖ਼ੁਰਾਕਾਂ ਵੰਡਣ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਮੂੰਗੀ ਦੀ ਦਾਲ, ਬੇਸਣ, ਸੋਇਆ ਆਟਾ ਅਤੇ ਸੋਇਆ ਬੜੀਆਂ ਸ਼ਾਮਲ ਹਨ ਅਤੇ ਇਹ ਪੌਸ਼ਟਿਕ ਖ਼ੁਰਾਕ ਮਾਰਕਫੈੱਡ ਵੱਲੋਂ ਤਿਆਰ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਆਂਗਨਵਾੜੀ ਕੇਂਦਰਾਂ ਰਾਹੀਂ 0-6 ਸਾਲ ਦੇ 8,08,01 ਬੱਚਿਆਂ ਅਤੇ 2,40,093 ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਪਲੀਮੈਂਟਰੀ ਨਿਊਟ੍ਰੀਸ਼ਨਲ ਪ੍ਰੋਗਰਾਮ (ਐਸ.ਐਨ.ਪੀ.) ਤਹਿਤ ਪੌਸ਼ਟਿਕ ਖ਼ੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਖ਼ੁਰਾਕ ਦੀ ਪੌਸ਼ਿਟਕ ਗੁਣਵੱਤਾ ਵਧਾਈ ਜਾ ਸਕੇ।

ਸ੍ਰੀਮਤੀ ਚੌਧਰੀ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਇੱਕ ਹੋਰ ਪੁਲਾਂਘ ਪੁੱਟਦਿਆਂ ਵਿਭਾਗ ਨੇ ਅਨੀਮੀਆ ਵਿਰੁੱਧ ਵਿਆਪਕ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਜ਼ਮੀਨੀ ਪੱਧਰ ‘ਤੇ ਅਨੀਮੀਆ ਕਾਰਨ ਵਿਹਾਰਕ ਤਬਦੀਲੀ ਰੁਝਾਨ ਨੂੰ ਅਗਾਊਂ ਘੋਖਣ ਲਈ ਰਣਨੀਤੀ ਤਿਆਰ ਕੀਤੀ ਜਾ ਸਕੇ, ਜੋ ਖ਼ੁਰਾਕੀ ਵਿਭਿੰਨਤਾ ਦੇ ਕਾਰਨਾਂ, ਲੱਛਣਾਂ ਤੇ ਮਹੱਤਵ ਅਤੇ ਆਇਰਨ ਭਰਪੂਰ ਖ਼ੁਰਾਕ ਅਤੇ ਪੌਸ਼ਟਿਕ ਤੱਤਾਂ ਜਿਵੇਂ ਆਇਰਨ ਫ਼ੌਲਿਕ ਐਸਿਡ (ਆਈ.ਐਫ.ਏ.) ਦੀ ਵਰਤੋਂ ‘ਤੇ ਜ਼ੋਰ ਦੇਵੇਗੀ।

Exit mobile version