ਵਰਦੇ ਮੀਂਹ ਵਿਚ ਵੀ ਲੱਗਿਆ ਪੰਜਵਾਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ

ਸ੍ਰੀਮਤੀ ਸਾਹਿਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਵਲੋਂ ਮੈਡੀਕਲ ਕੈਂਪ ਪੁਹੰਚੇ-50 ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੰਡੀਆਂ

ਗੁਰਦਾਸਪੁਰ, 20 ਜੁਲਾਈ (ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਰਹਿਨੁਮਾਈ ਹੇਠ ਸਲੱਮ ਏਰੀਆਂ ਵਿਚ ਰਹਿ ਰਹੇ ਲੋਕਾਂ ਦੀ ਸਿਹਤ ਸੰਭਾਲ ਲਈ ਲਗਾਏ ਗਏ ਮੈਡੀਕਲ ਜਾਂਚ ਕੈਂਪ ਵਿਚ ਅੱਜ ਸ੍ਰੀਮਤੀ ਸਹਿਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਵਲੋਂ ਮੈਡੀਕਲ ਕੈਂਪ ਵਿਚ ਜਾ ਕੇ ਮਰੀਜਾਂ ਨਾਲ ਗੱਲਬਾਤ ਕੀਤੀ ਤੇ ਇਸ ਮੌਕੇ 50 ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਅੱਜ ਦੇ ਕੈਂਪ ਵਿਚ ਮਰੀਜਾਂ ਨੂੰ ਟੂਥਪੇਸਟਾਂ ਤੇ ਬਰੁੱਸ਼ ਵੀ ਵੰਡੇ ਗਏ। ਇਸ ਮੌਕੇ ਰਾਜੀਵ ਕੁਮਾਰ, ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ, ਡਾ. ਐਸ.ਕੇ ਪੰਨੂੰ ਸਮਾਜ ਸੇਵੀ ਅਤੇ ਮੈਂਬਰ, ਡਾ ਦਲਬੀਰ ਸਿੰਘ ਸੈਣੀ ਅਤੇ ਡਾ. ਅਨੀਤਾ ਮੈਡੀਕਲ ਅਫਸਰ ਮੋਜੂਦ ਸਨ। ਮੈਡੀਕਲ ਕੈਂਪ ਦਾ ਲਾਹਾ ਲੈਣ ਵਾਲੇ ਮਰੀਜਾਂ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀਮਤੀ ਕਾਦਰੀ ਨੇ ਕਿਹਾ ਕਿ ਜ਼ਿਲਾ ਰੈੱਡ ਕਰਾਸ ਸੁਸਾਇਟੀ ਅਤੇ ਸਮਾਜ ਸੇਵੀਆਂ ਦੇ ਸਾਂਝੇ ਸਹਿਯੋਗ ਸਦਕਾ ਲੋੜਵੰਦ ਮਰੀਜ਼ਾਂ ਦੀ ਸਿਹਤ ਸੰਭਾਲ ਲਈ ਇਹ ਮੈਡੀਕਲ ਕੈਂਪ ਲਗਾਇਆ ਗਿਆ ਹੈ, ਜਿਸ ਵਿਚ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਕੇ ਉਪਰੰਤ ਮੁਫ਼ਤ ਦਵਾਈ ਵੰਡੀ ਗਈ। ਉਨਾਂ ਅੱਗੇ ਦੱਸਿਆ ਕਿ ਮੈਡੀਕਲ ਕੈਂਪ ਵਿਚ ਜੇਕਰ ਕਿਸੇ ਮਰੀਜ਼ ਦਾ ਟੈਸਟ ਆਦਿ ਦੀ ਲੋੜ ਪੈਂਦੀ ਤਾਂ ਸਿਵਲ ਹਸਪਤਾਲ ਵਿਚੋਂ ਕਰਵਾਇਆ ਜਾਂਦਾ ਹੈ ਅਤੇ ਜੇਕਰ ਕਿਸੇ ਪੀੜਤ ਨੂੰ ਸਰਕਾਰੀ ਹਸਪਤਾਲਾਂ ਵਿਚ ਟੈਸਟਾਂ ਤੋਂ ਇਲਾਵਾ ਹੋਰ ਕੋਈ ਦਵਾਈ ਜਾਂ ਟੈਸਟ ਦੀ ਲੋੜ ਹੁੰਦੀ ਹੈ ਤਾਂ ਜਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਉਸਦੀ ਮਦਦ ਕੀਤੀ ਜਾਵੇਗੀ।

ਉਨਾਂ ਅੱਗੇ ਕਿਹਾ ਕਿ ਜਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਹਮੇਸ਼ਾਂ ਲੋੜਵੰਦ ਲੋਕਾਂ ਦੀ ਵੱਧਚੜ੍ਹ ਕੇ ਮਦਦ ਕੀਤੀ ਜਾਂਦੀ ਹੈ ਅਤੇ ਲੋੜਵੰਦ ਲੋਕਾਂ ਨੂੰ ਵੀਲ੍ਹ ਚੇਅਰ, ਸੁਣਨ ਵਾਲੀਆਂ ਮਸ਼ੀਨਾਂ ਅਤੇ ਟਰਾਈ ਸਾਈਕਲ ਆਦਿ ਦਿੱਤੇ ਜਾਂਦੇ ਹਨ।

ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਬੀਤੀ 22 ਜੂਨ ਤੋਂ ਗੁਰਦਾਸਪੁਰ ਅਤੇ ਬਟਾਲਾ ਵਿਖੇ ਲੋੜਵੰਦ ਲੋਕਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਜਾਂਚ ਕੈਂਪ ਦੀ ਸ਼ੁਰੂਆਤ ਕੀਤੀ ਗਈ ਸੀ।

Exit mobile version