ਕਿਸਾਨ ਪੱਖੀ ਸਕੀਮਾਂ ਦਾ ਜ਼ਮੀਨੀ ਪੱਧਰ ਉਤੇ ਪ੍ਰਚਾਰ ਯਕੀਨੀ ਬਣਾਇਆ ਜਾਵੇ, ਸੁਖਜਿੰਦਰ ਸਿੰਘ ਰੰਧਾਵਾ ਨੇ ਖੇਤੀਬਾੜੀ ਵਿਕਾਸ ਬੈਂਕ ਦੇ ਨਵੇਂ ਚੁਣੇ ਡਾਇਰੈਕਟਰਾਂ ਨੂੰ ਆਖਿਆ

ਬੋਰਡ ਆਫ ਡਾਇਰੈਕਟਰਜ਼ ਦੀ ਪਹਿਲੀ ਮੀਟਿੰਗ ਵਿੱਚ ਕਮਲਦੀਪ ਸਿੰਘ ਮੁੜ ਪ੍ਰਧਾਨ ਚੁਣੇ ਗਏ

ਚੰਡੀਗੜ , 15 ਜੁਲਾਈ । ਪੰਜਾਬ ਸਰਕਾਰ ਵੱਲੋਂ ਕਈ ਕਿਸਾਨ ਪੱਖੀ ਸਕੀਮਾਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ ਅਤੇ ਇਨ੍ਹਾਂ ਦਾ ਅਸਲ ਫਾਇਦਾ ਤਾਂ ਹੀ ਹੈ ਜੇਕਰ ਇਨ੍ਹਾਂ ਦਾ ਜ਼ਮੀਨ ਪੱਧਰ ਉਤੇ ਪ੍ਰਚਾਰ ਕਰਕੇ ਕਿਸਾਨਾਂ ਨੂੰ ਸਕੀਮਾਂ ਦਾ ਫਾਇਦਾ ਉਠਾਉਣ ਲਈ ਜਾਗਰੂਕ ਕੀਤਾ ਜਾਵੇ। ਇਹ ਗੱਲ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ (ਐਸ.ਏ.ਡੀ.ਬੀ.) ਦੇ ਨਵੇਂ ਚੁਣੇ ਹੋਏ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰਾਂ ਨੂੰ ਕਹੀ। ਸ. ਰੰਧਾਵਾ ਨੇ ਪ੍ਰਧਾਨ ਅਤੇ ਸਾਰੇ ਚੁਣੇ ਹੋਏ ਡਾਇਰੈਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਹ ਜ਼ਮੀਨੀ ਪੱਧਰ ‘ਤੇ ਡਟ ਕੇ ਕੰਮ ਕਰਨਗੇ ਤਾਂ ਜੋ ਬੈਂਕ ਦੇ ਕੰਮ ਵਿੱਚ ਸੁਧਾਰ ਹੋ ਸਕੇ ਅਤੇ ਕਿਸਾਨਾ ਨੂੰ ਹੋਰ ਰਾਹਤ ਮਿਲ ਸਕੇ।

ਇਸ ਮੌਕੇ ਹੋਈ ਚੋਣ ਵਿੱਚ ਸ. ਕਮਲਦੀਪ ਸਿੰਘ ਬੈਂਕ ਦੇ ਦੂਸਰੀ ਵਾਰ ਪ੍ਰਧਾਨ ਬਣੇ ਹਨ। ਸ. ਕਮਲਦੀਪ ਸਿੰਘ ਨੇ ਨਵੇ ਚੁਣੇ ਹੋਏ ਡਾਇਰੈਕਟਰਾਂ ਦਾ ਧੰਨਵਾਦ ਕਰਦਿਆਂ ਇਹ ਵਿਸ਼ਵਾਸ ਦਿਵਾਇਆ ਕਿ ਉਹ ਬੈਂਕ ਦੀ ਤਰੱਕੀ ਲਈ ਦਿਨ ਰਾਤ ਕੰਮ ਕਰਨਗੇ।

ਅੱਜ ਚੰਡੀਗੜ ਵਿਖੇ ‘ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ’ ਦੇ ਨਵੇਂ ਚੁਣੇ ਹੋਏ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰਾਂ ਦੀ ਪਹਿਲੀ ਬੋਰਡ ਮੀਟਿੰਗ ਹੋਈ। ਇਸ ਵਿਚ ਹਰਜੀਤ ਸਿੰਘ, ਹਰਭਜਨ ਸਿੰਘ, ਜਸਬੀਰ ਸਿੰਘ, ਮੇਜਰ ਸਿੰਘ, ਰਾਜਵੰੰਤ ਸਿੰਘ, ਦਲਜੀਤ ਸਿੰਘ, ਕਮਲਦੀਪ ਸਿੰਘ, ਜਸਮੀਤ ਸਿੰਘ, ਮਹਿਕਰਣਜੀਤ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ ਤੇ ਬਲਦੇਵ ਸਿੰਘ ਭੰੰਗੂ ਨੇ ਹਿੱਸਾ ਲਿਆ। ਮੀਟਿੰਗ ਵਿਚ ਸਰਵਸੰਮਤੀ ਨਾਲ ਕਮਲਦੀਪ ਸਿੰਘ ਨੂੰ ਐਸ.ਏ.ਡੀ.ਬੀ. ਦਾ ਪ੍ਰਧਾਨ ਚੁਣ ਲਿਆ ਗਿਆ।

ਐਸ.ਏ.ਡੀ.ਬੀ. ਦੇ ਐਮ.ਡੀ. ਸ੍ਰੀ ਰਾਜੀਵ ਕੁਮਾਰ ਗੁਪਤਾ ਵੱਲੋ ਚੁਣੇ ਹੋਏ ਡਾਇਰੈਕਟਰਾਂ ਅਤੇ ਪ੍ਰਧਾਨ ਕਮਲਦੀਪ ਸਿੰਘ ਨੂੰ ਵਧਾਈ ਦਿੰਦਿਆਂ ਭਰੋਸਾ ਦਿਵਾਇਆ ਗਿਆ ਕਿ ਬੈਂਕ ਦੀ ਤਰੱਕੀ ਲਈ ਉਹ ਮਿਲ ਕੇ ਕੰਮਕ ਕਰਨਗੇ ਅਤੇ ਇਸ ਕਾਰਜਕਾਲ ਦੌਰਾਨ ਬੈਂਕ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣਗੇ।

Exit mobile version