ਬਸਪਾ ਨੇ ਓ ਬੀ ਸੀ ਵਰਗ ਨਾਲ ਸਬੰਧਤ ਜੀ ਐਸ ਕੰਬੋਜ ਨੂੰ ਚੰਡੀਗੜ੍ਹ ਦਾ ਪ੍ਰਧਾਨ ਬਣਾ ਕੇ ਖੇਡਿਆ ਵੱਡਾ ਦਾਅ

ਪੰਜਾਬ ਚੋਣਾਂ ਉਤੇ ਪਵੇਗਾ ਭਾਰੀ ਅਸਰ

ਚੰਡੀਗੜ੍ਹ, 11 ਜੁਲਾਈ -ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਜੀ ਨੇ ਇਕ ਵੱਡਾ ਸਮਾਜਿਕ ਤਾਲਮੇਲ ਬਣਾਉਂਦਿਆਂ ਪਾਰਟੀ ਸੰਗਠਨ ਵਿਚ ਇਕ ਵੱਡੀ ਰਾਜਨੀਤਿਕ ਤਬਦੀਲੀ ਕਰਦਿਆਂ ਗੁਰਚਰਨ ਸਿੰਘ ਕੰਬੋਜ ਨੂੰ ਬਸਪਾ ਦੀ ਚੰਡੀਗੜ੍ਹ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ, ਜੋ ਬਾਮਸੇਫ ਅਤੇ ਡੀ.ਐੱਸ. ਫੋਰ ਦੇ ਸਮੇਂ ਤੋਂ, ਬਸਪਾ ਦੇ ਮੂਲ ਕੇਡਰ ਦੇ ਵਰਕਰ ਅਤੇ ਓ ਬੀ ਸੀ ਸਮਾਜ ਨਾਲ ਸਬੰਧਤ ਹਨ. ਇੱਕ ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਬਸਪਾ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਅੱਜ ਤੱਕ ਓ ਬੀ ਸੀ ਸ਼੍ਰੇਣੀ ਨੂੰ ਕਾਂਗਰਸ ਅਤੇ ਭਾਜਪਾ ਹਮੇਸ਼ਾ ਵੋਟਰ ਬਣਾ ਕੇ ਇਸਤੇਮਾਲ ਕਰਦੀਆਂ ਰਹੀਆਂ ਹਨ, ਜਦ ਕਿ ਇਨ੍ਹਾਂ ਪਾਰਟੀਆਂ ਨੇ ਪਛੜੇ ਵਰਗ ਦਾ ਕਦੇ ਸਤਿਕਾਰ ਨਹੀਂ ਕੀਤਾ। ਬਸਪਾ ਹੀ ਇਕੋ ਇਕ ਅਜਿਹੀ ਪਾਰਟੀ ਹੈ ਜਿਸਨੇ ਪੰਜਾਬ ਦੀ ਰਾਜਧਾਨੀ ਵਿਚ ਕਈ ਓ ਬੀ ਸੀ ਆਗੂ ਸੂਬਾਈ ਪ੍ਰਧਾਨ ਬਣਾਏ ਹਨ। ਇਸ ਮੌਕੇ ਸ੍ਰੀ ਸੁਖਦੇਵ ਸਿੰਘ ਸੋਨੂੰ ਜੀ ਨੂੰ ਇੰਚਾਰਜ/ਪ੍ਰਭਾਰੀ ਬਣਾਇਆ ਗਿਆ ਹੈ।

ਦੱਸਣਯੋਗ ਹੈ ਕਿ ਪਿਛਲੇ ਸਮੇਂ ਵਿੱਚ ਵੀ ਬਸਪਾ ਨੇ ਓਬੀਸੀ ਭਾਈਚਾਰੇ ਦੇ ਕਈ ਪ੍ਰਦੇਸ਼ ਪ੍ਰਧਾਨ ਬਣਾਏ ਹਨ, ਜਿਨ੍ਹਾਂ ਵਿੱਚ ਮਾਤਾ ਰਾਮ ਧੀਮਾਨ, ਬਲਵੀਰ ਸਿੰਘ ਝਾਂਗੜਾ, ਹਰਭਜਨ ਸਿੰਘ ਓਸਾਹਨ ਤੇ ਸਤਵੰਤ ਸਿੰਘ ਸੈਣੀ ਦੇ ਨਾਮ ਸ਼ਾਮਲ ਹਨ। ਦੱਸਣਯੋਗ ਹੈ ਕਿ ਪੰਜਾਬ ਵਿੱਚ ਓ ਬੀ ਸੀ ਵਰਗ ਦੀ 30 ਫ਼ੀਸਦੀ ਤੋਂ ਵੱਧ ਆਬਾਦੀ ਹੈ। ਬਸਪਾ ਵੱਲੋਂ ਚੰਡੀਗੜ੍ਹ ਵਿੱਚ ਓਬੀਸੀ ਭਾਈਚਾਰੇ ਦੇ ਆਗੂ ਨੂੰ ਚੰਡੀਗੜ੍ਹ ਦਾ ਸੂਬਾ ਪ੍ਰਧਾਨ ਲਾਉਣ ਦਾ ਇਹ ਵੱਡਾ ਦਾਅ ਪੰਜਾਬ ਦੇ ਓ ਬੀ ਸੀ ਭਾਈਚਾਰੇ ਵਿੱਚ ਬਸਪਾ ਪ੍ਰਤੀ ਵੱਡਾ ਰੁਝਾਨ ਪੈਦਾ ਕਰ ਸਕਦਾ ਹੈ।

Exit mobile version