ਆਸ਼ੂ ਵਲੋਂ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਕਣਕ ਦੀ ਵੰਡ ਨਾ ਕਰਨ ਦੇ ਦੋਸ਼ਾਂ ਵਿਚ ਸੁਲਤਾਨਪੁਰ ਲੋਧੀ ਦੇ ਚਾਰ ਫੂਡ ਇੰਸਪੈਕਟਰ ਮੁਅੱਤਲ

ਚੰਡੀਗੜ੍ਹ, 25 ਜੂਨ: ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਸ੍ਰੀ ਭਾਰਤ ਭੂਸ਼ਨ ਆਸ਼ੂ ਦੇ ਹੁਕਮਾਂ ਤੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਚਾਰ ਫੂਡ ਇੰਸਪੈਕਟਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਮੁਅੱਤਲ ਕੀਤੇ ਗਏ ਚਾਰ ਫੂਡ ਇੰਸਪੈਕਟਰ ਖ਼ਿਲਾਫ਼ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਫੂਡ ਇੰਸਪੈਕਟਰ ਵਲੋਂ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਨਹੀਂ ਕੀਤੀ ਗਈ ਜਿਸ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਇਨ੍ਹਾਂ ਚਾਰ ਫੂਡ ਇੰਸਪੈਕਟਰ ਖ਼ਿਲਾਫ਼ ਮੁਢਲੀ ਜਾਂਚ ਕਰਵਾਈ ਗਈ ਅਤੇ ਦੋਸ਼ ਸਹੀ ਪਾਏ ਜਾਣ ਤੇ ਫੂਡ ਇੰਸਪੈਕਟਰ ਵਿਵੇਕ ਸ਼ਰਮਾ, ਭੁਪਿੰਦਰ ਸਿੰਘ, ਵਿਕਾਸ ਸੇਠੀ ਅਤੇ ਰਾਜੇਸ਼ਵਰ ਸਿੰਘ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ।

ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਮਾਮਲੇ ਅਗਲੀ ਪੜਤਾਲ ਡਿਪਟੀ ਡਾਇਰੈਕਟਰ ਪਟਿਆਲਾ ਡਵੀਜਨ ਨੂੰ ਸੋਂਪੀ ਗਈ ਹੈ ਅਤੇ ਹੁਕਮ ਜਾਰੀ ਕੀਤੇ ਗਏ ਹਨ 15 ਦਿਨਾਂ ਵਿਚ ਜਾਂਚ ਮੁਕੰਮਲ ਕਰ ਕੇ ਰਿਪੋਰਟ ਪੇਸ਼ ਕਰਨ। ਸ੍ਰੀ ਆਸ਼ੂ ਨੇ ਕਿਹਾ ਕਿ ਵਿਭਾਗ ਵਿਚ ਕਿਸੇ ਵੀ ਕਿਸਮ ਦਾ ਭਿ੍ਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿਹੜਾ ਵੀ ਅਧਿਕਾਰੀ ਜਾਂ ਕਰਮਚਾਰੀ ਗਰੀਬ ਲੋਕਾਂ ਦਾ ਅਨਾਜ ਖਾਵੇਗਾ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Exit mobile version