ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋ ਨਿਊਜ਼ ਪੋਰਟਲ ਦ ਵਾਇਰ, ਟਵਿੱਟਰ ਅਤੇ ਛੇ ਸ਼ਖਸੀਅਤਾਂ ਵਿਰੁੱਧ ਫ਼ੌਜਦਾਰੀ ਕੇਸ ਦਰਜ ਕਰਨ ਨਿਖੇਧੀ

ਗੁਰਦਾਸਪੁਰ 17 ਜੂਨ ( ਮੰਨਨ ਸੈਣੀ) । ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਅੱਜ ਪ੍ਰੈੱਸ ਬਿਆਨ ਜਾਰੀ ਕਰਕੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਨਿਊਜ਼ ਪੋਰਟਲ ਦ ਵਾਇਰ, ਟਵਿੱਟਰ ਅਤੇ ਛੇ ਸ਼ਖਸੀਅਤਾਂ ਵਿਰੁੱਧ ਫ਼ੌਜਦਾਰੀ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਜਿਨ੍ਹਾਂ ਵਿਚ ਦੋ ਪੱਤਰਕਾਰ ਰਾਣਾ ਅਯੂਬ, ਮੁਹੰਮਦ ਜ਼ੁਬੈਰ ਅਤੇ ਮਸ਼ਹੂਰ ਲੇਖਿਕਾ ਸਬਾ ਨਕਵੀ ਅਤੇ ਤਿੰਨ ਰਾਜਨੀਤਕ ਵਿਅਕਤੀ ਸ਼ਾਮਲ ਹਨ।

14 ਜੂਨ 2021 ਨੂੰ ਦੀ ਵਾਇਰ ਅਤੇ ਹੋਰ ਮੀਡੀਆ ਸੰਸਥਾਵਾਂ ਨੇ ਉੱਤਰ ਪ੍ਰਦੇਸ਼ ਦੀ ਇਕ ਘਟਨਾ ਬਾਰੇ ਰਿਪੋਰਟ ਕੀਤੀ ਸੀ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਆਈ.ਪੀ.ਸੀ. ਦੇ ਸੈਕਸ਼ਨ 153, 153ਏ, 295ਏ, 505, 34 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਗਿਆ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਫਿਰਕੂ ਨਹੀਂ ਸੀ ਅਤੇ ਇਹ ਸਿਰਫ਼ ਇਕ ਨਿੱਜੀ ਝਗੜਾ ਸੀ ਅਤੇ ਟਵੀਟ ਕਰਨ ਵਾਲਿਆਂ ਨੇ ਦੰਗੇ ਭੜਕਾਉਣ ਦੀ ਸਾਜ਼ਿਸ਼ ਤਹਿਤ ਇਸ ਘਟਨਾ ਨੂੰ ਜਾਣ-ਬੁੱਝ ਕੇ ਗ਼ਲਤ ਰੰਗਤ ਦਿੱਤੀ ਗਈ ਹੈ।

ਇਹ ਕੇਸ ਮੀਡੀਆ ਨੂੰ ਆਜ਼ਾਦੀ ਨਾਲ ਕੰਮ ਕਰਨ ਤੋਂ ਰੋਕਣ ਅਤੇ ਘਟਨਾਵਾਂ ਦੀ ਸਰਕਾਰੀ ਵਿਆਖਿਆ ਨੂੰ ਛੱਡ ਕੇ ਹੋਰ ਰਿਪੋਰਟਿੰਗ ਨੂੰ ਜੁਰਮ ਦੇ ਘੇਰੇ ’ਚ ਲਿਆਉਣ ਦੀ ਕੋਸ਼ਿਸ਼ ਹੈ ਅਤੇ ਇਹ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਹੈ। ਪਿਛਲੇ 14 ਮਹੀਨਿਆਂ ’ਚ ਦ ਵਾਇਰ ਅਤੇ ਇਸ ਦੇ ਸਟਾਫ਼ ਵਿਰੁੱਧ ਇਹ ਤੀਜਾ ਫ਼ੌਜਦਾਰੀ ਕੇਸ ਹੈ। ਮਹਿਜ਼ ਵੀਡੀਓ ਟਵੀਟ ਕਰਨ ਨੂੰ ਲੈ ਕੇ ‘‘ਦੰਗਾ ਭੜਕਾਉਣ’’, ‘‘ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ’’ ਅਤੇ ‘‘ਫ਼ੌਜਦਾਰੀ ਸਾਜ਼ਿਸ਼’’ ਦੀਆਂ ਸੰਗੀਨ ਧਾਰਾਵਾਂ ਲਾਉਣ ਤੋਂ ਪੁਲਿਸ ਦਾ ਇਰਾਦਾ ਸਪਸ਼ਟ ਹੋ ਜਾਂਦਾ ਹੈ।

ਸਭਾ ਨੇ ਮੰਗ ਕੀਤੀ ਹੈ ਕਿ ਇਹ ਕੇਸ ਤੁਰੰਤ ਰੱਦ ਕੀਤਾ ਜਾਵੇ ਅਤੇ ਪ੍ਰੈੱਸ ਦੀ ਆਜ਼ਾਦੀ ਅਤੇ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਉੱਪਰ ਹਮਲੇ ਬੰਦ ਕੀਤੇ ਜਾਣ।

Exit mobile version