ਨੰਨੀ ਪਰੀ ਜਪਮਨ ਕੌਰ ਨੇ ਵਾਤਾਵਰਨ ਦੀ ਸੰਭਾਲ ਦਾ ਖੂਬਸੂਰਤ ਸੁਨੇਹਾ ਦਿੱਤਾ

ਬਟਾਲਾ, 9 ਜੂਨ ( ਮੰਨਨ ਸੈਣੀ  ) – ਬਟਾਲਾ ਸ਼ਹਿਰ ਦੀ ਇੱਕ ਛੋਟੀ ਬੱਚੀ ਨੇ ਦੁਨੀਆਂ ਨੂੰ ਵਾਤਾਵਰਨ ਦੀ ਸੰਭਾਲ ਦਾ ਵੱਡਾ ਸੁਨੇਹਾ ਦਿੱਤਾ ਹੈ। ਬਟਾਲਾ ਦੇ ਰਾਮ ਨਗਰ ਇਲਾਕੇ ਦੇ ਵਸਨੀਕ ਕੁਲਵਿੰਦਰ ਸਿੰਘ ਲਾਡੀ ਜੱਸਲ ਅਤੇ ਕੰਵਲਜੀਤ ਕੌਰ ਦੀ 7 ਸਾਲਾ ਧੀ ਜਪਮਨ ਕੌਰ ਜੋ ਕਿ ਡੀ.ਆਰ.ਭੱਲਾ ਡੀ.ਏ.ਵੀ ਸੈਨਟਰੀ ਸਕੂਲ ਬਟਾਲਾ ਦੀ ਦੂਸਰੀ ਜਮਾਤ ਦੀ ਵਿਦਿਆਰਥਣ ਹੈ, ਨੇ ਆਪਣੇ ਘਰ ਅਤੇ ਮੁਹੱਲੇ ਵਿੱਚ ਪੌਦੇ ਲਗਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਕੋਈ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਵੇ।

ਨੰਨੀ ਪਰੀ ਜਪਮਨ ਕੌਰ ਦਾ ਕਹਿਣਾ ਹੈ ਕਿ ਹਰ ਮਨੁੱਖ ਨੂੰ ਆਪਣੀ ਪਿਆਰੀ ਧਰਤੀ ਦੇ ਵਾਤਾਵਰਨ ਨੂੰ ਸੰਭਾਲਣ ਲਈ ਗੰਭੀਰ ਹੋਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਕੁਦਰਤ ਪ੍ਰਤੀ ਆਪਣੇ ਫਰਜ ਨੂੰ ਪੂਰਾ ਕਰਨਾ ਚਾਹੀਦਾ ਹੈ। ਉਸਨੇ ਕਿਹਾ ਕਿ ਮਨੁੱਖ ਦੀਆਂ ਗਲਤੀਆਂ ਕਾਰਨ ਦਿਨੋਂ-ਦਿਨ ਧਰਤੀ ਦਾ ਵਾਤਾਵਰਨ ਵਿਗੜਦਾ ਜਾ ਰਿਹਾ ਹੈ, ਜਿਸ ਕਾਰਨ ਨਿੱਤ ਕੋਈ ਨਾ ਕੋਈ ਕੁਦਰਤੀ ਆਫ਼ਤ ਆਪਣਾ ਕਹਿਰ ਵਰਤਾਉਂਦੀ ਰਹਿੰਦੀ ਹੈ। ਉਸਨੇ ਕਿਹਾ ਕਿ ਅਸੀਂ ਕੁਦਰਤ ਨਾਲ ਖਿਲਵਾੜ ਕਰਕੇ ਉਸਦੇ ਕਹਿਰ ਤੋਂ ਬਚ ਨਹੀਂ ਸਕਦੇ।

ਜਪਮਨ ਦਾ ਸੁਪਨਾ ਹੈ ਕਿ ਉਸਦਾ ਆਪਣਾ ਸ਼ਹਿਰ, ਸੂਬਾ, ਦੇਸ਼ ਅਤੇ ਸਮੁੱਚਾ ਗਲੋਬ ਹੀ ਹਰਿਆ-ਭਰਿਆ ਹੋਵੇ ਅਤੇ ਇਸ ਲਈ ਜਿਥੇ ਉਹ ਖੁਦ ਯਤਨਸ਼ੀਲ ਹੈ ਓਥੇ ਉਹ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣ ਦੀ ਗੱਲ ਕਹਿੰਦੀ ਹੈ। ਉਸਨੇ ਅਪੀਲ ਕੀਤੀ ਹੈ ਕਿ ਇਸ ਮਾਨਸੂਨ ਦੇ ਮੌਸਮ ਵਿੱਚ ਹਰ ਵਿਅਕਤੀ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰੇ ਤਾਂ ਜੋ ਅਸੀਂ ਆਪਣੀ ਪਿਆਰੀ ਧਰਤੀ ਨੂੰ ਜੀਵਨ ਦਾਤੀ ਬਣੀ ਰਹਿਣ ਦਈਏ।

Exit mobile version