ਪੰਜਾਬ ਨੇ 18-44 ਸਾਲ ਉਮਰ ਗਰੁੱਪ ਲਈ ਅੱਜ 16932 ਵਿਅਕਤੀਆਂ ਦੀ ਟੀਕੇ ਲਗਾਏ: ਵਿਕਾਸ ਗਰਗ

ਇਸ ਗਰੁੱਪ ਸਮੂਹ ਦੇ ਤਰਜੀਹੀ ਵਰਗਾਂ ਦੀ ਕੁੱਲ ਟੀਕਾਕਰਨ ਗਿਣਤੀ 4,27,329 ਪੁੱਜੀ

ਸੂਬਾ ਸਰਕਾਰ ਨੇ ਕੋਈ ਵੀ ਖੁਰਾਕ ਬਿਨਾਂ ਵਿਅਰਥ ਗੁਆਏ ਕੋਟਾ ਪੂਰਾ ਕੀਤਾ

ਚੰਡੀਗੜ੍ਹ, 25 ਮਈ । ਪੰਜਾਬ ਸਰਕਾਰ ਵੱਲੋਂ 18-44 ਸਾਲ ਉਮਰ ਗਰੁੱਪ ਲਈ ਅੱਜ 16932 ਵਿਅਕਤੀਆਂ ਦੇ ਟੀਕਾ ਲਗਾਇਆ ਗਿਆ ਜਿਸ ਨਾਲ ਇਸ ਗਰੁੱਪ ਦੇ ਟੀਕਾਕਰਨ ਵਾਲਿਆਂ ਦੀ ਹੁਣ ਤੱਕ ਕੁੱਲ ਗਿਣਤੀ 4,27,329 ਹੋ ਗਈ ਹੈ। ਇਨ੍ਹਾਂ ਸਾਰਿਆਂ ਦੇ ਕੋਵੀਸ਼ੀਲਡ ਵੈਕਸੀਨ ਲਗਾਈ ਗਈ ਹੈ। ਸੂਬਾ ਸਰਕਾਰ ਵੱਲੋਂ ਇਸ ਗਰੁੱਪ ਸਮੂਹ ਲਈ ਮਿਲੇ ਸਾਰੇ ਕੋਟੇ ਨੂੰ ਬਿਨਾਂ ਕਿਸੇ ਖੁਰਾਕ ਦੇ ਵਿਅਰਥ ਗੁਆਇਆ ਸਾਰਾ ਟੀਚਾ ਪੂਰਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਟੀਕਾਕਰਨ ਲਈ ਸਟੇਟ ਨੋਡਲ ਅਧਿਕਾਰੀ ਸ੍ਰੀ ਵਿਕਾਸ ਗਰਗ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।

ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 18-44 ਸਾਲ ਉਮਰ ਵਰਗ ਵਿੱਚ ਤਰਜੀਹੀ ਗਰੁੱਪ ਬਣਾਏ ਗਏ ਜਿਨ੍ਹਾਂ ਦਾ ਟੀਕਾਕਰਨ ਜ਼ੋਰਾ-ਸ਼ੋਰਾਂ ਨਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਕੁੱਲ 16932 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਜਿਸ ਨਾਲ ਹੁਣ ਤੱਕ ਇਸ ਉਮਰ ਗਰੁੱਪ ਵਿੱਚ ਟੀਕਾਕਰਨ ਹਾਸਲ ਕਰਨ ਵਾਲਿਆਂ ਦੀ ਗਿਣਤੀ 4,27,329 ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਉਮਰ ਸਮੂਹ ਲਈ ਕੁੱਲ 4.29 ਖੁਰਾਕਾਂ ਮਿਲੀਆਂ ਸਨ ਅਤੇ ਅੱਜ ਤੱਕ ਸੂਬਾ ਸਰਕਾਰ ਵੱਲੋਂ ਬਿਨਾਂ ਕਿਸੇ ਖੁਰਾਕ ਨੂੰ ਵਿਅਰਥ ਗੁਆਏ ਕੋਟਾ ਪੂਰਾ ਕੀਤਾ ਗਿਆ ਹੈ।

ਅੱਜ ਟੀਕਾਕਰਨ ਹਾਸਲ ਕਰਨ ਵਾਲਿਆਂ ਦੇ ਵੇਰਵੇ ਵਰਗਾਂ ਅਨੁਸਾਰ ਦਿੰਦਿਆਂ ਸਟੇਟ ਨੋਡਲ ਅਧਿਕਾਰੀ ਨੇ ਦੱਸਿਆ ਕਿ 3328 ਸਹਿ ਬਿਮਾਰੀਆਂ, 3326 ਰਜਿਸਟਰਡ ਉਸਾਰੀ ਕਾਮੇ ਤੇ ਉਨ੍ਹਾਂ ਦੇ ਪਰਿਵਾਰ, 7463 ਗੈਰ-ਰਜਿਸਟਰਡ ਉਸਾਰੀ ਕਾਮੇ ਤੇ ਉਨ੍ਹਾਂ ਦੇ ਪਰਿਵਾਰ, 2485 ਸਿਹਤ ਕਾਮਿਆਂ ਦੇ ਪਰਿਵਾਰ ਅਤੇ 330 ਜੇਲ੍ਹ ਕੈਦੀਆਂ ਦੇ ਅੱਜ ਟੀਕਾ ਲਗਾਇਆ ਗਿਆ।

Exit mobile version