ਪੰਜਾਬ ਸਰਕਾਰ ਨੇ 22734 ਅਧਿਆਪਕਾਂ ਦੀ ਭਰਤੀ ਕਰਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ – ਵਿਧਾਇਕ ਬਾਜਵਾ

ਰਾਜ ਸਰਕਾਰ ਵੱਲੋਂ 8184 ਹੋਰ ਅਧਿਆਪਕਾਂ ਦੀ ਭਰਤੀ ਜਲਦ ਕੀਤੀ ਜਾਵੇਗੀ – ਬਾਜਵਾ

ਬਟਾਲਾ, 15 ਮਾਰਚ (  ਮੰਨਨ ਸੈਣੀ  ) । ਪੰਜਾਬ ਸਰਕਾਰ ਨੇ 22,734 ਅਧਿਆਪਕਾਂ ਅਤੇ ਸਿੱਖਿਆ ਪ੍ਰਬੰਧਕਾਂ ਦੀ ਭਰਤੀ ਕਰਕੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕੀਤਾ ਹੈ। ਰਾਜ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਉੱਪਰ ਵੀ ਭਰਤੀ ਜਲਦੀ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਸਰਕਾਰ ਵੱਲੋਂ 8,184 ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇਗਾ।

ਇਹ ਪ੍ਰਗਟਾਵਾ ਕਾਦੀਆਂ ਹਲਕੇ ਦੇ ਵਿਧਾਇਕ ਸ. ਫ਼ਤਹਿ ਜੰਗ ਸਿੰਘ ਬਾਜਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਥੇ ਰਾਜ ਸਰਕਾਰ ਨੇ ਨਵੀਂ ਭਰਤੀ ਕੀਤੀ ਹੈ ਓਥੇ ਪਿਛਲੇ ਚਾਰ ਸਾਲਾਂ ਦੌਰਾਨ 14,064 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਹੈ ਜੋ ਪਿਛਲੇ 5 ਤੋਂ 15 ਸਾਲਾਂ ਤੋਂ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਸਨ। ਸ. ਬਾਜਵਾ ਨੇ ਕਿਹਾ ਕਿ ਅਧਿਆਪਕਾਂ ਦੇ ਤਬਾਦਲੇ ਵਿੱਚ ਪਾਰਦਰਸ਼ਤਾ ਲਿਆਉਣ ਲਈ ਰਾਜ ਸਰਕਾਰ ਨੇ ‘ਅਧਿਆਪਕ ਤਬਾਦਲਾ ਨੀਤੀ” ਨੂੰ ਲਾਗੂ ਕੀਤਾ ਹੈ, ਜੋ ਕਿ ਇੱਕ ਆਨਲਾਈਨ ਸਾੱਫਟਵੇਅਰ ਰਾਹੀਂ ਬਦਲੀਆਂ ਨੂੰ ਯਕੀਨੀ ਬਣਾਉਂਦਾ ਹੈ।

ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਸਰਕਾਰੀ ਸਕੂਲਾਂ ਵਿਚ ਬਾਰ੍ਹਵੀਂ ਜਮਾਤ ਵਿਚ ਪੜ੍ਹ ਰਹੇ 1,75,443 ਵਿਦਿਆਰਥੀਆਂ ਨੂੰ 87.89 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਫੋਨ ਮੁਹੱਈਆ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਸਮਾਰਟ ਫੋਨ ਪ੍ਰਾਪਤ ਕਰਨ ਵਾਲੇ 1,31,189 ਵਿਦਿਆਰਥੀ ਵਿਚੋਂ 75% ਵਿਦਿਆਰਥੀ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਮਾਰਟ ਫੋਨਾਂ ਦੀ ਮਦਦ ਨਾਲ ਲਾੱਕਡਾਉਨ ਦੇ ਸਮੇਂ ਆਪਣੀਆਂ ਆਨਲਾਈਨ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਇਆ ਹੈ। ਸ. ਬਾਜਵਾ ਨੇ ਕਿਹਾ ਕਿ ਇਸ ਸਾਲ ਵੀ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਲਈ ਪੰਜਾਬ ਸਰਕਾਰ ਨੇ 100 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਹੈ।

Exit mobile version