ਪੰਜਾਬ ਗੱਤਕਾ ਐਸੋਸੀਏਸ਼ਨ ਦੀ ਸੂਬਾਈ ਮੀਟਿੰਗ ਹੋਈ,ਵੈਬਸਾਈਟ ਲਾਂਚ ਕਰਨ ਅਤੇ ਸੂਬਾਈ ਚੈਂਪੀਅਨਸ਼ਿਪ ਬਾਰੇ ਅਹਿਮ ਫ਼ੈਸਲੇ

ਗੁਰਦਾਸਪੁਰ, 14 ਮਾਰਚ (ਮੰਨਨ ਸੈਣੀ)। ਪੰਜਾਬ ਗੱਤਕਾ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਅੱਜ ਇੱਥੇ ਐਸੋਸੀਏਸ਼ਨ ਦੇ ਪ੍ਰਧਾਨ ਐਸਐੱਸਪੀ ਗੁਰਦਾਸਪੁਰ ਡਾ. ਰਜਿੰਦਰ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ, ਪੰਜਾਬ ਦੇ ਕੋਆਰਡੀਨੇਟਰ ਜਗਦੀਸ਼ ਸਿੰਘ ਕੁਰਾਲੀ, ਮੀਤ ਪ੍ਰਧਾਨ ਮਨਜੀਤ ਸਿੰਘ ਅੰਮ੍ਰਿਤਸਰ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ, ਸੱਕਤਰ ਅਤੇ ਹੋਰ ਅਹੁਦੇਦਾਰ ਸ਼ਾਮਲ ਹੋਏ।

ਮੀਟਿੰਗ ਦੌਰਾਨ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜ਼ਰੂਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਪੰਜਾਬ ਵਿੱਚ ਗੱਤਕਾ ਗਤੀਵਿਧੀਆਂ ਨੂੰ ਮੁੜ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ। ਡਾ. ਸੋਹਲ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮਾਰਸ਼ਲ ਆਰਟ ਗੱਤਕਾ ਨੂੰ ਪ੍ਰੋਮੋਟ ਕੀਤਾ ਜਾਵੇਗਾ ਅਤੇ ਇਸਦਾ ਪ੍ਰਚਾਰ ਪਸਾਰ ਕਰਦੇ ਹੋਏ ਬੱਚਿਆਂ ਨੂੰ ਉਤਸਾਹਿਤ ਕਰਕੇ ਵੱਧ ਤਿਓ ਵੱਧ ਗੱਤਕਾ ਕਲਾ ਨਾਲ ਜੋੜਿਆ ਜਾਵੇਗਾ। ਇਸੇ ਮਕਸਦ ਤਹਿਤ ਐਸੋਸੀਏਸ਼ਨ ਵਲੋਂ ਛੇਤੀ ਹੀ ਆਪਣੀ ਵੈਬਸਾਈਟ ਵੀ ਲਾਂਚ ਕੀਤੀ ਜਾਵੇਗੀ ਤਾਂ ਜੋ ਗੱਤਕੇ ਨਾਲ ਸਬੰਧਿਤ ਐਸੋਸੀਏਸ਼ਨ ਦੀਆਂ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਘਰ ਬੈਠੇ ਆਨਲਾਈਨ ਹੀ ਉਪਲੱਬਧ ਹੋ ਜਾਵੇ। ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਮਈ ਮਹੀਨੇ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾਵੇਗੀ ਅਤੇ ਇਸਦੀ ਅੰਤਿਮ ਰੂਪ ਰੇਖਾ ਉਸ ਵੇਲ਼ੇ ਕੋਵਿਡ- 19 ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਉਲੀਕੀ ਜਾਵੇਗੀ। ਇਸ ਤੋਂ ਇਲਾਵਾ ਰੈਫਰੀਆਂ ਨੂੰ ਗੱਤਕੇ ਦੇ ਨੇਮਾਂ ਸਬੰਧੀ ਜਾਣਕਾਰੀ ਦੇਣ ਲਈ ਮਾਛੀਵਾੜਾ ਵਿਖੇ 3 ਰੋਜ਼ਾ ਵਿਸ਼ੇਸ਼ ਕੈੰਪ ਵੀ ਲਗਾਇਆ ਜਾਵੇਗਾ।

Exit mobile version