ਕੱਲ੍ਹ 21 ਫਰਵਰੀ ਦਿਨ ਐਤਵਾਰ ਨੂੰ ਛੋਟਾ ਘੱਲੂਘਾਰਾ ਸਮਾਰਕ, ਛੰਬ ਕਾਹਨੂੰਵਾਨ ਵਿਖੇ ‘ਸ਼ਹੀਦ ਪਰਿਵਾਰ ਸਨਮਾਨ ਸਮਾਰੋਹ’ ਕਰਵਾਇਆ ਜਾਵੇਗਾ-ਡਿਪਟੀ ਕਮਿਸ਼ਨਰ

Dc Mohammad Ishfaq

ਗੁਰਦਾਸਪੁਰ, 20 ਫਰਵਰੀ (ਮੰਨਨ ਸੈਣੀ )। ਕੱਲ੍ਹ 21 ਫਰਵਰੀ ਦਿਨ ਐਤਵਾਰ ਨੂੰ ਛੋਟਾ ਘੱਲੂਘਾਰਾ ਸਮਾਰਕ , ਛੰਬ ਕਾਹਨੂੰਵਾਨ ਵਿਖੇ ‘ਸ਼ਹੀਦ ਪਰਿਵਾਰ ਸਨਮਾਨ ਸਮਾਰੋਹ’ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ ਦੀ ਖਾਤਰ ਸ਼ਹੀਦ ਹੋਏ ਯੋਧਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜਿਲੇ ਦੀਆਂ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਸਖਸ਼ੀਅਤਾਂ ਸ਼ਿਰਕਤ ਕਰਨਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਗੁਰਦਾਸਪੁਰ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਅਤੇ ਇਥੋ ਦੇ ਸ਼ਹੀਦਾਂ ਨੇ ਦੇਸ਼ ਦੀ ਖਾਤਰ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨਾਂ ਕਿਹਾ ਕਿ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਅਤੇ ਇਸ ਨੂੰ ਮੁੱਖ ਰੱਖਦਿਆਂ 21 ਫਰਵਰੀ ਨੂੰ ਜਿਥੇ ‘ਸ਼ਹੀਦ ਪਰਿਵਾਰ ਸਨਮਾਨ ਸਮਾਰੋਹ’ ਕਰਵਾਇਆ ਜਾਵੇਗਾ, ਉਸਦੇ ਨਾਲ ਗੁਰਦਾਸਪੁਰ ਅਤੇ ਬਟਾਲਾ ਤੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਿਲੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਪਹਿਲਾਂ ਹੀ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵਲੋਂ ਗੁਰਦਾਸਪੁਰ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ ਬੱਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਸ ਐਤਵਾਰ 21 ਫਰਵਰੀ ਨੂੰ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਲਈ ਵੀ ਗੁਰਦਾਸਪੁਰ ਅਤੇ ਬਟਾਲਾ, ਸ੍ਰੀ ਹਰਗੋਬਿੰਦਪੁਰ ਤੋਂ ਵਿਸ਼ੇਸ ਬੱਸ ਚਲਾਈ ਜਾਵੇਗੀ ਅਤੇ ਉਨਾਂ ਨੂੰ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ।

ਉਨਾਂ ਅੱਗੇ ਦੱਸਿਆ ਕਿ 21 ਫਰਵਰੀ ਨੂੰ ਛੋਟਾ ਘੱਲੂਘਾਰਾ ਸਮਾਰਕ , ਛੰਬ ਕਾਹਨੂੰਵਾਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾਵੇਗਾ ਤੇ ਸਵੇਰੇ 10.30 ਵਜੇ ਪਾਠ ਦੇ ਭੋਗ ਪਾਏ ਜਾਣਗੇ। ਛੋਟਾ ਘੱਲੂਘਾਰਾ ਯੁੱਧ ਨਾਲ ਸਬੰਧਤ ਵੀਡੀਓ ਵਿਖਾਈ ਜਾਵੇਗੀ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨਾਂ ਜ਼ਿਲਾ ਵਾਸੀਆਂ ਨੂੰ ਸਮਾਗਮ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ ਕੀਤੀ।

Exit mobile version