ਖੂਨਦਾਨ ਕਰਨਾ ਇਕ ਮਹਾਨ ਅਤੇ ਪੁੰਨ ਵਾਲਾ ਕਾਰਜ-ਸ੍ਰੀਮਤੀ ਸ਼ਾਹਲਾ ਕਾਦਰੀ

ਪਿੰਡ ਫੱਤੂ ਬਰਕਤ ਵਿਖੇ ਲੱਗੇ ਖੂਨਦਾਨ ਕੈਂਪ ਵਿਚ 32 ਨੌਜਵਾਨਾਂ ਖੂਨਦਾਨ ਕੀਤਾ

ਗੁਰਦਾਸਪੁਰ, 19 ਫਰਵਰੀ ( ਮੰਨਨ ਸੈਣੀ  ) ਖੂਨਦਾਨ ਕਰਨਾ ਮਹਾਨ ਅਤੇ ਪੁੰਨ ਵਾਲਾ ਕਾਰਜ ਹੈ, ਜਿਸ ਨਾਲ ਮਨੁੱਖੀ ਜਾਨਾਂ ਨੂੰ ਬਚਾਉਣ ਵਿਚ ਬਹੁਤ ਵੱਡੀ ਸਹਾਇਤਾ ਮਿਲਦੀ ਹੈ। ਇਹ ਪ੍ਰਗਟਾਵਾ ਸ੍ਰੀਮਤੀ ਸ਼ਾਹਲਾ ਕਾਦਰੀ ਧਰਮ ਪਤਨੀ ਡਿਪਟੀ ਕਮਿਸ਼ਨਰ ਗੁਰਦਾਸਪੁਰ-ਕਮ-ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ ਗੁਰਦਾਸਪੁਰ ਨੇ ਪਿੰਡ ਫੱਤੂ ਬਰਕਤ ਵਿਚ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਕੀਤਾ। ਦਸ਼ਮੇਸ ਕਲੱਬ ਪਿੰਡ ਫੱਤੂਪੁਰ ਅਤੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 32 ਨੌਜਵਾਨਾਂ ਵਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਸੁਰਿੰਦਰ ਕੌਰ ਪਨੂੰ ਮੈਂਬਰ ਰੈੱਡ ਕਰਾਸ ਹਾਸਪਿਟਲ ਵੈਲਫੇਅਰ ਸੈਕਸ਼ਨ ਗੁਰਦਾਸਪੁਰ, ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਦਸ਼ਮੇਸ਼ ਕਲੱਬ ਦੇ ਪ੍ਰਧਾਨ ਲਖਬੀਰ ਸਿੰਘ ਵੀ ਮੋਜੂਦ ਸਨ।

   ਇਸ ਮੌਕੇ ਗੱਲਬਾਤ ਦੌਰਾਨ ਸ੍ਰੀਮਤੀ ਸ਼ਾਹਲਾ ਕਾਦਰੀ ਨੇ ਦੱਸਿਆ ਕਿ ਇਸ ਮਹਾਨ ਕਾਰਜ ਵਿਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋੜਵੰਦਾਂ ਅਤੇ ਦੁਰਘਟਨਾਵਾਂ ਵਿਚ ਗੰਭੀਰ ਜ਼ਖਮੀ ਹੋਣ ਵਾਲੇ ਵਿਅਕਤੀ ਜਿਨ੍ਹਾਂ ਦੀ ਖੂਨ ਦੀ ਘਾਟ ਕਾਰਨ ਮੌਤ ਹੋ ਸਕਦੀ ਹੈ ਪਰ ਸਾਡਾ ਦਾਨ ਕੀਤਾ ਹੋਇਆ ਖੂਨ ਉਨ ਨੂੰ ਨਵਾਂ ਜੀਵਨ ਦੇ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਰੋਸ਼ਨਾ ਸਕਦਾ ਹੈ। ਖੂਨਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਖੂਨਦਾਨ ਨਾਲ ਅਸੀ ਬੇਸ਼ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ।

  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਅਤੇ ਆਸ ਪਾਸ ਲੱਗਣ ਵਾਲੇ ਖੂਨਦਾਨ ਕੈਪਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਪੈਗੰਬਰਾਂ ਨੇ ਵੀ ਕਿਸੇ ਦੇ ਕੰਮ ਆਉਣਾ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਹੀ ਪਾਠ ਪੜ੍ਹਾਇਆ ਹੈ, ਇਸ ਲਈ ਦਸੂਰਿਆਂ ਦੀ ਸਹਾਇਤਾ ਲਈ ਸਾਨੂੰ ਇਹ ਮਹਾਨ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਖੂਨਦਾਨੀਆਂ ਦਾ ਇਸ ਮਹਾਨ ਦਾਨ ਲਈ ਧੰਨਵਾਦ ਕੀਤਾ।

Exit mobile version