ਪੰਜਾਬ ਦੇ 70 ਲਾਪਤਾ ਵਿਅਕਤੀ ਦਿੱਲੀ ਦੀਆਂ ਜੇਲ੍ਹਾਂ ‘ਚ, 14 ਬਾਰੇ ਪਤਾ ਲੱਗਿਆ ਅਤੇ ਬਾਕੀ 5 ਦੀ ਭਾਲ ਜਾਰੀ— ਕੈਪਟਨ ਅਮਰਿੰਦਰ ਸਿੰਘ

Capt Amrinder singh

ਚੰਡੀਗੜ੍ਹ, 2 ਫਰਵਰੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਕੌਮੀ ਰਾਜਧਾਨੀ ਅੰਦਰ ਗਣਤੰਤਰ ਦਿਵਸ ਮੌਕੇ ਵਾਪਰੀਆਂ ਹਿੰਸਕ ਘਟਨਾਵਾਂ ਦੇ ਸਮੇਂ ਤੋਂ ਲੈ ਕੇ ਪੰਜਾਬ ਦੇ ਲਾਪਤਾ ਹੋਏ ਵਿਅਕਤੀਆਂ ਵਿੱਚੋਂ 70 ਦਿੱਲੀ ਦੀਆਂ ਜੇਲ੍ਹਾਂ ਵਿੱਚ ਹਨ ਜਦਕਿ ਬਾਕੀ 19 ਵਿੱਚੋਂ 14 ਦਾ ਪਤਾ ਲਗਾਇਆ ਜਾ ਚੁੱਕਾ ਹੈ।

ਮੁੱਖ ਮੰਤਰੀ, ਜਿਨ੍ਹਾਂ ਵੱਲੋਂ ਬੀਤੇ ਕੱਲ੍ਹ ਇਸ ਸਬੰਧੀ ਪੰਜਾਬ ਦੇ ਨਾਗਰਿਕਾਂ ਵੱਲੋਂ ਸ਼ਿਕਾਇਤਾਂ ਦਰਜ ਕਰਾਉਣ ਲਈ ਹੈਲਪਲਾਇਨ ਨੰ. 112 ਜਾਰੀ ਕੀਤਾ ਗਿਆ ਸੀ, ਨੇ ਸਰਬ—ਪਾਰਟੀ ਮੀਟਿੰਗ ਦੌਰਾਨ ਦੱਸਿਆ ਕਿ ਪ੍ਰਾਪਤ ਹੋਈ ਸੂਚਨਾ ਅਨੁਸਾਰ ਪੰਜਾਬ ਦੇ 5 ਵਿਅਕਤੀ ਹਾਲੇ ਵੀ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਭਾਲ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਮੁਫ਼ਤ ਕਾਨੂੰਨੀ ਸਹਾਇਤਾ ਲਈ ਐਡਵੋਕੇਟ ਜਨਰਲ ਅਤੁਲ ਨੰਦਾ ਵੱਲੋਂ ਤਾਇਨਾਤ ਵਕੀਲਾਂ ਦੀ 70 ਮੈਂਬਰੀ ਟੀਮ ਵੱਲੋਂ ਜੇਲ੍ਹਾਂ ਵਿੱਚ ਇਨ੍ਹਾਂ ਵਿਅਕਤੀਆਂ ਅਤੇ ਜਿਨ੍ਹਾਂ ਖ਼ਿਲਾਫ ਦਿੱਲੀ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਗਏ ਹਨ, ਤੱਕ ਪਹੁੰਚ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਦਿੱਲੀ ਦੀਆਂ ਹੱਦਾਂ ‘ਤੇ ਦੋ ਮਹੀਨੇ ਤੋਂ ਜਿਆਦਾ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਪਿੱਛੇ ਉਨ੍ਹਾਂ ਦੇ ਪਰਿਵਾਰਾਂ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਕਿਸਾਨਾਂ ਦੀ ਪੰਜਾਬ ਵਿਚਲੇ ਉਨ੍ਹਾਂ ਦੇ ਘਰਾਂ ਵਿੱਚ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਅੰਦੋਲਨ ਦੌਰਾਨ ਕਿਸਾਨਾਂ ਖ਼ਿਲਾਫ ਦਰਜ ਕੀਤੇ 170 ਕੇਸ ਵਾਪਸ ਲੈ ਲਏ ਜਾ ਰਹੇ ਹਨ।

Exit mobile version