ਚੀਨ ਦੇ ਵਿਸਤਾਰਵਾਦੀ ਏਜੰਡੇ ਦੇ ਟਾਕਰੇ ਲਈ ਭਾਰਤ ਨੂੰ ਸਪੱਸ਼ਟ ਨੀਤੀ ਤੇ ਫੌਜੀ ਤਾਕਤ ਵਧਾਉਣ ਦੀ ਲੋੜ: ਕੈਪਟਨ ਅਮਰਿੰਦਰ ਸਿੰਘ

Capt Amrinder Singh

ਚੰਡੀਗੜ੍ਹ, 27 ਜਨਵਰੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਦੇ ਲੰਬੇ ਸਮੇਂ ਦੇ ਵਿਸਤਾਰਵਾਦੀ ਏਜੰਡੇ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੂੰ ਆਪਣੇ ਇਸ ਗੁਆਂਢੀ ਦੁਸ਼ਮਣ ਬਾਰੇ ਸਪੱਸ਼ਟ ਨੀਤੀ ਅਖ਼ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਜਿੰਗ ਨਾਲ ਮਹਿਜ਼ ਗੱਲਬਾਤ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ, ਜੋ ਕਿ ਖੁਦ ਵੀ ਇਕ ਸਾਬਕਾ ਫੌਜੀ ਤੇ ਭਾਰਤੀ ਫੌਜ ਉਤੇ ਕਈ ਕਿਤਾਬਾਂ ਲਿਖਣ ਵਾਲੇ ਉਘੇ ਫੌਜੀ ਇਤਿਹਾਸਕਾਰ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਇਹ ਉਮੀਦ ਹੈ ਕਿ 20 ਜਨਵਰੀ ਨੂੰ ਨਾਕੂ ਲਾ ਵਿਖੇ ਹੋਈ ਤਾਜ਼ਾ ਝੜੱਪ ਵਿੱਚ ਭਾਰਤ ਦਾ ਹੱਥ ਉਤੇ ਰਿਹਾ ਹੈ ਪਰ ਫਿਰ ਵੀ ਦੇਸ਼ ਨੂੰ ਲੋੜ ਹੈ ਆਪਣੀ ਫੌਜੀ ਸਮਰੱਥਾ ਵਿੱਚ ਵਾਧਾ ਕਰਦੇ ਹੋਏ ਇਸ ਨੂੰ ਮਜ਼ਬੂਤੀ ਪ੍ਰਦਾਨ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਗਲਵਾਨ ਘਾਟੀ ਤੋਂ ਬਾਅਦ ਹੋਈ ਇਸ ਤਾਜ਼ਾ ਘਟਨਾ ਨੇ ਇਹ ਦਿਖਾ ਦਿੱਤਾ ਹੈ ਕਿ ਚੀਨ ਆਪਣੀ ਵਿਸਤਾਰਵਾਦੀ ਨੀਤੀ ਤੋਂ ਨਾ ਪਿੱਛੇ ਹਟਿਆ ਹੈ ਅਤੇ ਨਾ ਹੀ ਉਸ ਦੀ ਅਜਿਹੀ ਕੋਈ ਇੱਛਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਭਾਰਤ, ਚੀਨ ਤੋਂ ਉਹ ਕੁਝ ਵਾਪਸ ਨਹੀਂ ਲੈ ਸਕਿਆ ਜੋ ਉਸ ਨੇ ਜਬਰਨ ਸਾਡੇ ਕੋਲੋਂ ਖੋਹ ਲੈ ਲਿਆ। ਉਨ੍ਹਾਂ ਕਿਹਾ ਕਿ ਸਰਹੱਦ ਉਪਰ ਅਜਿਹੇ ਖ਼ਤਰੇ ਦੇ ਮੱਦੇਨਜ਼ਰ ਮਜ਼ਬੂਤ ਫੌਜ ਦੀ ਲੋੜ ਨੂੰ ਅੱਖੋਂ-ਪਰੋਖੇ ਨਹੀਂ ਦਿੱਤਾ ਜਾ ਸਕਦਾ।

ਕੇਂਦਰ ਸਰਕਾਰ ਨੂੰ ਪਾਕਿਸਤਾਨ ਅਤੇ ਚੀਨ ਤੋਂ ਸਾਂਝੇ ਖ਼ਤਰੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ, ਚੀਨ ਤੋਂ ਬਿਨਾਂ ਨਹੀਂ ਚੱਲ ਸਕਦਾ ਅਤੇ ਦੋਵੇਂ ਇਕ-ਦੂਜੇ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਚੀਨ ਨਾਲ ਮਹਿਜ਼ ਗੱਲਬਾਤ ਰਾਹੀਂ ਗੱਲ ਅੱਗੇ ਨਹੀਂ ਵਧੇਗੀ, ਸਾਨੂੰ ਫੌਜੀ ਸ਼ਕਤੀ ਵਧਾਉਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਚੀਨ ਹਮੇਸ਼ਾ ਹੀ ਵਿਸਤਾਰਵਾਦੀ ਏਜੰਡੇ ਦੀ ਪੈਰਵੀ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਆਪਣੇ ਰੱਖਿਆ ਢਾਂਚੇ ਦੇ ਵਿਕਾਸ ਰਾਹੀਂ ਵਿਸਥਾਰਵਾਦ ਉਪਰ ਆਪਣਾ ਧਿਆਨ ਕੇਂਦਰਿਤ ਕਰ ਰਿਹਾ ਹੈ। ਉਨ੍ਹਾਂ ਕਿਹਾ,’’ਉਨ੍ਹਾਂ ਨੇ ਪਹਿਲਾਂ ਹੀ ਦੁਨੀਆਂ ਉਤੇ ਹਾਵੀ ਹੋਣ ਲਈ ਸਾਈਬਰ ਅਤੇ ਰਾਕੇਟ ਯੁੱਧ ਵਿੱਚ ਆਪਣੀਆਂ ਸਮਰਥਾਵਾਂ ਦੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਉਹ ਦਾਅਵਾ ਕਰਦੇ ਹਨ ਕਿ ਆਉਂਦੇ 7 ਸਾਲਾਂ ਵਿੱਚ ਉਹ ਅਮਰੀਕਾ ਦੇ ਰੱਖਿਆ ਨਿਰਮਾਣ ਨੂੰ ਪਾਰ ਕਰ ਜਾਣਗੇ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਵੱਲੋਂ ਸਾਂਝੀ ਅਤੇ ਸਪੱਸ਼ਟ ਰਣਨੀਤੀ ਘੜਨ ਦੀ ਲੋੜ ਉਤੇ ਜੋਰ ਦਿੱਤਾ।

Exit mobile version