ਪੰਜਾਬ ਸਰਕਾਰ ਵਲੋਂ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਇਕ ਹੋਰ ਪੁਲਾਂਘ

Raman-Behl

ਮਾਲ ਪਟਵਾਰੀ, ਸ਼ਹਿਰੀ ਪਟਵਾਰੀ ਅਤੇ ਜਿਲ੍ਹੇਦਾਰ ਦੀ ਭਰਤੀ ਲਈ ਇਸ਼ਤਿਹਾਰ ਜਾਰੀ, 1152 ਅਸਾਮੀਆਂ ਤੇ ਕੀਤੀ ਜਾਵੇਗੀ ਭਰਤੀ

14 ਜਨਵਰੀ ਤੋਂ 11 ਫਰਵਰੀ 2021 ਤੱਕ ਇਹਨਾ ਅਸਾਮੀਆਂ ਲਈ ਆਨਲਾਈਨ ਕੀਤਾ ਜਾ ਸਕਦਾ ਹੈ ਅਪਲਾਈ – ਰਮਨ ਬਹਿਲ , ਚੇਅਰਮੈਨ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ

ਐਸ.ਏ.ਐਸ ਨਗਰ, 14 ਜਨਵਰੀ: ਪੰਜਾਬ ਸਰਕਾਰ ਵਲੋਂ ਆਪਣੇ ਚੋਣ ਵਾਅਦੇ, ਘਰ ਘਰ ਰੋਜ਼ਗਾਰ ਯੋਜਨਾ ਤਹਿਤ ਇਕ ਪੁਲਾਂਘ ਹੋਰ ਪੁੱਟਦਿਆਂ ਨੌਜਵਾਨਾਂ ਲਈ ਨੌਕਰੀਆਂ ਦਾ ਪਿਟਾਰਾ ਖੋਲ ਦਿੱਤਾ ਹੈ। ਇਸ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਮੁੱਖ ਰੱਖਦੇ ਹੋਏ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਬੋਰਡ ਵਲੋਂ ਮਾਲ ਪਟਵਾਰੀ, ਸ਼ਹਿਰੀ ਪਟਵਾਰੀ ਅਤੇ ਜਿਲ੍ਹੇਦਾਰ ਦੀਆਂ 1152 ਅਸਾਮੀਆਂ ਭਰਤੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ।

ਮਿਤੀ 14 ਜਨਵਰੀ 2021 ਤੋਂ ਮਿਤੀ 11 ਫਰਵਰੀ 2021 ਤੱਕ ਇਹਨਾ ਅਸਾਮੀਆਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਤੇ ਫੀਸ ਭਰਨ ਦੀ ਆਖਰੀ ਮਿਤੀ 15 ਫਰਵਰੀ ਰੱਖੀ ਗਈ ਹੈ। ਅਸਾਮੀਆਂ ਦੀ ਕੈਟਾਗਰੀਵਾਈਜ਼ ਗਿਣਤੀ ਅਤੇ ਅਪਲਾਈ ਕਰਨ ਦਾ ਢੰਗ ਅਤੇ ਹੋਰ ਸ਼ਰਤਾਂ ਬੋਰਡ ਦੀ ਵੈਬਸਾਈਟ ਤੇ ਦੇਖੀਆਂ ਜਾ ਸਕਦੀਆਂ ਹਨ।

ਚੇਅਰਮੈਨ ਨੇ ਉਮੀਦਵਾਰਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਮਾਲ ਪਟਵਾਰੀ, ਨਹਿਰੀ ਪਟਵਾਰੀ ਅਤੇ ਜ਼ਿਲ੍ਹੇਦਾਰ ਦੀ ਅਸਾਮੀ ਅਤੇ ਹੋਰ ਭਰਤੀਆਂ ਲਈ ਬੋਰਡ ਵਲੋਂ ਲਏ ਜਾਣ ਵਾਲੇ ਟੈਸਟ ਦੀ ਤਿਆਰੀ ਕਰਨ ਦੀ ਸਲਾਹ ਦਿੱਤੀ ਤਾਂ ਜੋ ਸਮਾਜ ਨੂੰ ਚੰਗੇ ਗਿਆਨਵਾਨ ਤੇ ਪ੍ਰਤੀਬੱਧ ਕਰਮਚਾਰੀ ਮੁਹੱਈਆ ਕਰਵਾਏ ਜਾ ਸਕਣ।
ਇਸ ਤੋਂ ਇਲਾਵਾ ਬੋਰਡ ਦੇ ਚੇਅਰਮੈਨ ਰਮਨ ਬਹਿਲ ਵਲੋਂ ਇਹ ਵੀ ਦੱਸਿਆ ਗਿਆ ਕਿ ਵੱਖ ਵੱਖ ਵਿਭਾਗਾਂ ਵਿੱਚ ਜੂਨੀਅਰ ਡਰਾਫਟਸਮੈਨ, ਕਲਰਕ, ਸਕੂਲ ਲਾਇਬ੍ਰੇਰੀਅਨ ਅਤੇ ਹੋਰ ਕੈਟਾਗਰੀਆਂ ਦੀਆਂ ਹਜ਼ਾਰਾਂ ਅਸਾਮੀਆਂ ਦੀ ਭਰਤੀ ਲਈ ਵੀ ਪ੍ਰੋਸੇਸ ਚੱਲ ਰਿਹਾ ਹੈ।

ਇਸ ਸਬੰਧੀ ਜਲਦੀ ਹੀਂ ਇਸ਼ਤਿਹਾਰ ਜਾਰੀ ਕਰਕੇ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ ਪਾਰਦਰਸ਼ੀ ਢੰਗ ਨਾਲ ਲਈ ਜਾਵੇਗੀ। ਇਸ ਲਈ ਆਧੁਨਿਕ ਤਕਨੀਕੀ ਤਰੀਕਿਆਂ ਜਿਵੇਂ ਕਿ ਬਾਇਓਮੈਟ੍ਰਿਕਸ ਜੈਮਰ ਆਦਿ ਦੀ ਵੀ ਮੱਦਦ ਲਈ ਜਾਵੇਗੀ। ਪ੍ਰੀਖਿਆ ਉਪਰੰਤ ਮੈਰਿਟ ਦੇ ਅਧਾਰ ਤੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

Exit mobile version