ਤ੍ਰਿਪਤ ਬਾਜਵਾ ਵੱਲੋਂ ਹੰਸਲੀ ਨਾਲੇ ਦੇ ਸੁੰਦਰੀਕਰਨ ਅਤੇ ਸਾਈਡ ਲਾਈਨਿੰਗ ਪ੍ਰੋਜੈਕਟ ਦੀ ਸ਼ੁਰੂਆਤ

ਪਹਿਲੇ ਪੜਾਅ ਤਹਿਤ 10 ਕਰੋੜ ਰੁਪਏ ਦੀ ਲਾਗਤ ਨਾਲ ਕਾਹਨੂੰਵਾਨ ਰੋਡ ਤੋਂ ਜਲੰਧਰ ਰੋਡ ਤੱਕ ਕਿਨਾਰਿਆਂ ਨੂੰ ਕੀਤਾ ਜਾਵੇਗਾ ਚੌੜਾ

ਬਟਾਲਾ, 8 ਜਨਵਰੀ ( ਮੰਨਨ ਸੈਣੀ ) । ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਵਿੱਚੋਂ ਲੰਘਦੇ ਹੰਸਲੀ ਨਾਲੇ (ਕਸੂਰ ਨਾਲੇ) ਦੇ ਕਿਨਾਰਿਆਂ ਨੂੰ ਖੂਬਸੂਰਤ ਬਣਾਉਣ ਦੇ ਨਾਲ ਚੌੜਿਆਂ ਕੀਤਾ ਜਾਵੇਗਾ। ਹੰਸਲੀ ਨਾਲੇ ਦੇ ਇਸ ਸੁੰਦਰੀਕਰਨ ਅਤੇ ਸਾਈਡ ਲਾਈਨਿੰਗ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕਰ ਦਿੱਤੀ ਗਈ ਹੈ।

ਹੰਸਲੀ ਨਾਲੇ ਦੇ ਸੁੰਦਰੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ 10 ਕਰੋੜ ਰੁਪਏ ਖਰਚ ਕਰਕੇ ਕਾਹਨੂੰਵਾਨ ਰੋਡ ਤੋਂ ਜਲੰਧਰ ਰੋਡ ਤੱਕ ਹੰਸਲੀ ਦੇ ਕਿਨਾਰਿਆਂ ਨੂੰ ਚੌੜਿਆਂ ਕਰਕੇ 15 ਤੋਂ 20 ਫੁੱਟ ਚੌੜੀ ਸੜਕ ਬਣਾਈ ਜਾਵੇਗੀ। ਇਸ ਦੇ ਨਾਲ ਹੀ ਹੰਸਲੀ ਨਾਲੇ ਦੇ ਕਿਨਾਰਿਆਂ ਨੂੰ ਖੂਬਸੂਰਤ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚ ਲੋਕਾਂ ਨੂੰ ਇੱਕ ਹੋਰ ਬਦਲਵੀ ਸੜਕ ਮਿਲ ਜਾਵੇਗੀ ਜਿਸ ਨਾਲ ਟਰੈਫਿਕ ਸਮੱਸਿਆ ਦਾ ਵੀ ਹੱਲ ਹੋਵੇਗਾ। ਸ. ਬਾਜਵਾ ਨੇ ਕਿਹਾ ਕਿ ਅਗਲੇ ਪੜਾਅ ਤਹਿਤ ਹੰਸਲੀ ਨਾਲੇ ਦੇ ਨਾਲ ਸੜਕ ਨੂੰ ਜਲੰਧਰ-ਅੰਮ੍ਰਿਤਸਰ ਬਾਈਪਾਸ ਤੱਕ ਜੋੜਿਆ ਜਾਵੇਗਾ। ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਇਤਿਹਾਸਕ ਨਗਰ ਹੈ ਅਤੇ ਰਾਜ ਸਰਕਾਰ ਵੱਲੋਂ ਇਸਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।  

ਇਸ ਮੌਕੇ ਸ. ਬਾਜਵਾ ਨਾਲ ਜਲ ਸਰੋਤ ਵਿਭਾਗ ਦੇ ਨਿਗਰਾਨ ਇੰਜੀਨੀਅਰ ਸ. ਮਨਜੀਤ ਸਿੰਘ, ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ, ਸਿਟੀ ਕਾਂਗਰਸ ਪ੍ਰਧਾਨ ਸ੍ਰੀ ਸਵਰਨ ਮੁੱਢ, ਸੁਖਦੀਪ ਸਿੰਘ ਤੇਜਾ, ਗੌਤਮ ਸੇਠ ਗੁੱਡੂ, ਸੁਨੀਲ ਸਰੀਨ, ਗੁਲਸ਼ਨ ਮਾਰਬਲ ਵਾਲੇ, ਰਮੇਸ਼ ਵਰਮਾਂ, ਕਸਤੂਰੀ ਲਾਲ, ਸਿਕੰਦਰ ਸਿੰਘ ਪੀ.ਏ ਅਤੇ ਹੋਰ ਆਗੂ ਵੀ ਹਾਜ਼ਰ ਸਨ।

Exit mobile version