ਰੀਜ਼ਨਲ ਵੈਕਸੀਨ ਸਟੋਰ ਹੁਸ਼ਿਆਰਪੁਰ ਤੋਂ ਪੰਜ ਜਿਲਿਆਂ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ ਅਤੇ ਪਠਾਨਕੋਟ ਨੂੰ ਮਿਲਗੀ ਕੋਵਿਡ ਵੈਕਸੀਨ- ਹੁਸਨ ਲਾਲ

ਹੁਸ਼ਿਆਰਪੁਰ, 26 ਦਸੰਬਰ : ਕੋਰੋਨਾ ਵਾਇਰਸ ਦੀ ਰੋਕਥਾਮ ਲਈ ਆਉਣ ਵਾਲੀ ਵੈਕਸੀਨ ਦੇ ਰੱਖ-ਰਖਾਅ ਅਤੇ ਟੀਕਾਕਰਨ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਅੱਜ ਇੱਥੇ ਪਹੁੰਚੇ ਪ੍ਰਮੁੱਖ ਸਕੱਤਰ (ਸਿਹਤ) ਹੁਸਨ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚਲੇ ਰੀਜ਼ਨਲ ਵੈਕਸੀਨ ਸਟੋਰ ਤੋਂ ਪੰਜ ਜਿਲਿਆਂ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਗੁਰਦਾਸਪੁਰ ਅਤੇ ਪਠਾਨਕੋਟ ਨੂੰ ਕੋਵਿਡ ਵੈਕਸੀਨ ਮੁਹੱਈਆ ਕਰਵਾਈ ਜਾਵੇਗੀ।

ਟੀਕਾਕਰਨ ਦੀ ਪ੍ਰਕਿਰਿਆ ਅਤੇ ਵੈਕਸੀਨ ਦੇ ਸੁਚੱਜੇ ਰੱਖ-ਰਖਾਅ ਸੰਬੰਧੀ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਪ੍ਰਮੁੱਖ ਸਕੱਤਰ (ਸਿਹਤ) ਹੁਸਨ ਲਾਲ ਨੇ ਦੱਸਿਆ ਕਿ ਪਹਿਲੇ ਪੜਾਅ ’ਚ ਤਿੰਨ ਵਰਗਾਂ ਜਿਨ੍ਹਾਂ ਵਿੱਚ ਹੈਲਥ ਵਰਕਰ, ਫਰੰਟਲਾਈਨ ਵਰਕਰ ਅਤੇ 50 ਸਾਲ ਜਾਂ ਇਸ ਤੋ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾਵੇਗੀ। ਇਸ ਮੌਕੇ ਪ੍ਰਮੁੱਖ ਸਕੱਤਰ ਨੂੰ ਜਾਣੂ ਕਰਵਾਇਆ ਗਿਆ ਕਿ  ਹੁਣ ਤੱਕ ਕਰੀਬ 8000 ਹੈਲਥ ਵਰਕਰਾਂ ਨੇ ਟੀਕਾਕਰਨ ਲਈ ਰਜਿਸਟਰੇਸ਼ਨ ਕਰਵਾ ਦਿੱਤੀ ਹੈ ਅਤੇ ਕੋਵਿਡ ਵੈਕਸੀਨ ਬਿਨ੍ਹਾਂ ਰਜਿਸਟਰੇਸ਼ਨ ਤੋਂ ਨਹੀਂ ਲਾਈ ਜਾਵੇਗੀ। ਇਹ ਟੀਕਾਕਰਨ ਜਿਲੇ ਵਿੱਚ ਸਿਵਲ ਹਸਪਤਾਲ, 3 ਸਬ ਡਵੀਜਨ ਹਸਪਤਾਲਾਂ, 12 ਕਮਿਊਨਿਟੀ ਹੈਲਥ ਸੈਂਟਰਾਂ ਤੋਂ ਇਲਾਵਾ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਲਈ ਇੰਪੈਨਲਡ ਹਸਪਤਾਲਾਂ ਸਮੇਤ 36 ਥਾਵਾਂ ’ਤੇ ਪ੍ਰਤੀ ਦਿਨ ’ਚ 100 ਵਿਅਕਤੀਆਂ ਦੇ ਕੋਵਿਡ ਵੈਕਸੀਨ ਦਾ ਟੀਕਾ ਲਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪ੍ਰਮੁੱਖ ਸਕੱਤਰ ਨੂੰ ਜਾਣੂ ਕਰਵਾਇਆ ਕਿ ਸਿਹਤ ਵਿਭਾਗ ਵੱਲੋਂ 264 ਕਰਮਚਾਰੀਆਂ ਨੂੰ ਕੋਵਿਡ ਦੇ ਟੀਕਾਕਰਨ ਦੀ ਟਰੇਨਿੰਗ ਦੇ ਕੇ ਤਿਆਰ ਕੀਤਾ ਜਾ ਚੁੱਕਾ ਹੈ ਜੋ ਕਿ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਪਹਿਲੇ ਪੜਾਅ ਦੇ ਵਰਗਾਂ ਦੇ ਟੀਕਾਕਰਨ ਕਰਨਗੇ। ਉਨ੍ਹਾਂ ਦੱਸਿਆ ਕਿ ਹੈਲਥ ਵਰਕਰਾਂ ਦੇ ਨਾਲ-ਨਾਲ ਫਰੰਟ ਲਾਈਨ ਵਰਕਰਾਂ ’ਚ ਰਾਜ ਪੁਲਿਸ, ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਕੋਵਿਡ ਸੰਕਟ ਦੌਰਾਨ ਅਤਿ ਅਹਿਮ ਭੂਮਿਕਾ ਨਿਭਾਉਣ ਵਾਲੇ ਸਫਾਈ ਸੇਵਕਾਂ ਦੇ ਕੋਵਿਡ ਟੀਕਾ ਲਗਾਇਆ ਜਾਵੇਗਾ।    

ਪ੍ਰਮੁੱਖ ਸਕੱਤਰ ਹੁਸਨ ਲਾਲ ਵੱਲੋਂ ਕੋਵਿਡ ਵੈਕਸੀਨ ਦੇ ਰੱਖ-ਰਖਾਅ ਸੰਬੰਧੀ ਪੁੱਛੇ ਜਾਣ ’ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ 15 ਤੋਂ 16 ਲੱਖ ਡੋਜ਼ ਰੱਖਣ ਦੀ ਸਮਰੱਥਾ ਹੈ ਜਿਸ ਲਈ ਵਾਕ ਇਨ ਕੂਲਰ ਸਥਾਪਤ ਹਨ। ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕੋਵਿਡ ਵੈਕਸੀਨ ਵਾਲੀ ਥਾਂ ਅਤੇ ਇਸ ਦੇ ਟਰਾਂਸਪੋਰਟੇਸ਼ਨ ਵੇਲੇ ਲੋੜੀਂਦੀ ਸੁਰੱਖਿਆ ਦੇ ਪ੍ਰਬੰਧ ਯਕੀਨੀ ਬਣਾਏ ਜਾਣਗੇ।

Exit mobile version