ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਨਾ ਮੇਰਾ ਮਿਸ਼ਨ – ਤ੍ਰਿਪਤ ਰਜਿੰਦਰ ਸਿੰਘ ਬਾਜਵਾ

140 ਕਰੋੜ ਰੁਪਏ ਦੀ ਲਾਗਤ ਨਾਲ ਬਟਾਲਾ ਵਿੱਚ ਸੀਵਰੇਜ ਤੇ ਜਲ-ਸਪਲਾਈ ਦੇ ਪ੍ਰੋਜੈਕਟ ਦਾ ਕੰਮ ਜੰਗੀ ਪੱਧਰ ’ਤੇ ਜਾਰੀ

ਕੁਝ ਦਿਨਾਂ ਤੱਕ ਸਿਟੀ ਰੋਡ ਵਾਲੇ ਪੁੱਲ ਨੂੰ ਕੀਤਾ ਜਾਵੇਗਾ ਲੋਕ ਅਰਪਣ

ਬਟਾਲਾ, 27 ਦਸੰਬਰ – ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਚੇਰੀ ਸਿੱਖਿਆ ਤੇ ਭਸ਼ਾਵਾਂ ਬਾਰੇ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਬਟਾਲਾ ਦੇ ਕਾਦੀਆਂ ਰੋਡ ਸਥਿਤ 11 ਵੱਖ-ਵੱਖ ਕਲੋਨੀਆਂ ਵਿੱਚ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਧਰਮਪੁਰਾ ਕਲੋਨੀ ਵਿਖੇ ਸੀਵਰੇਜ ਨੂੰ ਠੀਕ ਕਰਨ ਅਤੇ ਨਵੀਆਂ ਗਲੀਆਂ ਬਣਾਉਣ ਦੇ ਕਾਰਜ ਦੀ ਸ਼ੁਰੂਆਤ ਵੀ ਕੀਤੀ।

ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਮੌਕੇ ਇਕੱਤਰ ਹੋਏ ਬਟਾਲਾ ਵਾਸੀਆਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਦਾ ਵਿਕਾਸ ਕਰਨਾ ਉਨ੍ਹਾਂ ਦਾ ਮਿਸ਼ਨ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ 140 ਕਰੋੜ ਰੁਪਏ ਖਰਚ ਕਰਕੇ ਹਰ ਘਰ ਨੂੰ ਸੀਵਰੇਜ ਤੇ ਜਲ ਸਪਲਾਈ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਪਾਉਣ ਦਾ ਕੰਮ ਤੇਜ਼ ਗਤੀ ਨਾਲ ਚੱਲ ਰਿਹਾ ਹੈ ਅਤੇ ਅਗਲੇ ਸਾਲ ਤੱਕ ਸ਼ਹਿਰ ਦੀਆਂ ਰਹਿੰਦੀਆਂ ਸਾਰੀਆਂ ਕਲੋਨੀਆਂ ਵਿੱਚ ਸੀਵਰੇਜ ਪੈ ਜਾਵੇਗਾ।

ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਵਿੱਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੰਸਲੀ ਨਾਲੇ ਉੱਪਰ ਤਿੰਨ ਨਵੇਂ ਪੁੱਲ ਮਨਜ਼ੂਰ ਕੀਤੇ ਗਏ ਸਨ ਜਿਨ੍ਹਾਂ ਵਿੱਚ ਇੱਕ ਬਣ ਗਿਆ ਹੈ ਜਦਕਿ ਸਿਟੀ ਰੋਡ ਵਾਲਾ ਪੁੱਲ ਅਗਲੇ ਕੁਝ ਦਿਨਾਂ ਵਿੱਚ ਲੋਕ ਅਰਪਣ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਰੋਡ ਵਾਲਾ ਪੁੱਲ ਵੀ ਫਰਵਰੀ ਮਹੀਨੇ ਦੇ ਅਖੀਰ ਤੱਕ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਹਨੂੰਵਾਨ ਰੋਡ ਨੂੰ ਜਲੰਧਰ ਰੋਡ ਨਾਲ ਜੋੜਨ ਲਈ ਹੰਸਲੀ ਨਾਲੇ ਉੱਪਰ ਇੱਕ ਹੋਰ ਪੁੱਲ ਬਣਾਇਆ ਜਾਵੇਗਾ।

ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਲਈ ਭੇਜਿਆ ਇੱਕ-ਇੱਕ ਪੈਸਾ ਪੂਰਾ ਇਮਾਨਦਾਰੀ ਨਾਲ ਵਿਕਾਸ ਉੱਪਰ ਖਰਚਿਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਅਤੇ ਜੇਕਰ ਠੇਕੇਦਾਰ ਕੰਮ ਦੀ ਕੁਆਲਟੀ ਸਹੀ ਨਹੀਂ ਰੱਖਦਾ ਤਾਂ ਉਸ ਬਾਰੇ ਜਰੂਰ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਕੰਮ ਦੀ ਗੁਣਵਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕੈਬਨਿਟ ਮੰਤਰੀ ਸ. ਬਾਜਵਾ ਨੇ ਸੀਵਰੇਜ ਬੋਰਡ ਦੇ ਐਕਸੀਅਨ ਅਤੇ ਨਗਰ ਨਿਗਮ ਦੇ ਐਕਸੀਅਨ ਰਮੇਸ਼ ਭਾਟੀਆ ਨੂੰ ਹਦਾਇਤ ਕੀਤੀ ਕਿ ਧਰਮਪੁਰਾ ਕਲੋਨੀ ਦੇ ਸੀਵਰੇਜ ਦਾ ਮੁਲਾਂਕਣ ਕੀਤਾ ਜਾਵੇ ਅਤੇ ਜੇਕਰ ਇਥੇ ਨਵਾਂ ਸੀਵਰੇਜ ਪਾਉਣ ਦੀ ਲੋੜ ਹੈ ਤਾਂ ਉਸਦਾ ਐਸਟੀਮੇਟ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਸ਼ਹਿਰ ਬਣਾਇਆ ਜਾਵੇਗਾ।

ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਕਸਤੂਰੀ ਲਾਲ ਸੇਠ, ਸੁਖਦੀਪ ਸਿੰਘ ਤੇਜਾ, ਗੁਲਸ਼ਨ ਮਾਰਬਲ ਵਾਲੇ, ਰਮੇਸ਼ ਵਰਮਾਂ, ਸੁਨੀਲ ਸਰੀਨ, ਗੌਤਮ ਸੇਠ ਗੁੱਡੂ, ਡਾ. ਸਰਬਜੀਤ ਸਿੰਘ, ਐਕਸੀਅਨ ਨਗਰ ਨਿਗਮ ਰਮੇਸ਼ ਭਾਟੀਆ, ਐੱਸ.ਡੀ.ਓ. ਰਵਿੰਦਰ ਸਿੰਘ ਕਲਸੀ, ਐਕਸੀਅਨ ਸੀਵਰੇਜ ਬੋਰਡ, ਪਰਮਿੰਦਰ ਸਿੰਘ ਰਜਿੰਦਰਾ ਫਾਊਂਡਰੀ ਵਾਲੇ, ਨਿਤਿਨ ਭਾਟੀਆ, ਸਿੰਕਦਰ ਸਿੰਘ ਪੀ.ਏ, ਮਾਸਟਰ ਸਰਬਜੀਤ ਸਿੰਘ ਤੋਂ ਇਲਾਵਾ ਹੋਰ ਮੋਹਤਬਰ ਹਾਜ਼ਰ ਸਨ।  

Exit mobile version