ਨਰਿੰਦਰ ਮੋਦੀ ਆਪਣੇ ‘ਮਨ ਕੀ ਬਾਤ’ ਕਰਨ ਦੀ ਬਜਾਏ ਦੇਸ਼ ਦੇ ‘ਜਨ ਕੀ ਬਾਤ’ ਕਰਨ – ਤ੍ਰਿਪਤ ਬਾਜਵਾ

ਕੇਂਦਰ ਸਰਕਾਰ ਬਿਨ੍ਹਾਂ ਹੋਰ ਦੇਰੀ ਕੀਤਿਆਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ – ਬਾਜਵਾ

ਬਟਾਲਾ, 27 ਦਸੰਬਰ – ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ‘ਮਨ ਕੀ ਬਾਤ’ ਕਰਨ ਦੀ ਬਜਾਏ ਦੇਸ਼ ਦੇ ‘ਜਨ ਕੀ ਬਾਤ’ ਕਰਨ। ਉਨ੍ਹਾਂ ਕਿਹਾ ਕਿ ਕੇਵਲ ਮਨ ਕੀ ਬਾਤ ਕਰਨ ਨਾਲ ਲੋਕਤੰਤਰੀ ਮੁਲਕ ਨਹੀਂ ਚੱਲਦੇ ਬਲਕਿ ਲੋਕਾਂ ਦੇ ਮਨਾਂ ਦੀ ਬਾਤ ਨੂੰ ਜਾਣ ਕੇ ਉਸ ਅਨੁਸਾਰ ਦੇਸ਼ ਨੂੰ ਚਲਾਉਣਾ ਚਾਹੀਦਾ ਹੈ।

ਅੱਜ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਇਸ ਸਮੇਂ ਦੇਸ਼ ਭਰ ਦੇ ਕਿਸਾਨ ਮੋਦੀ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ਉੱਪਰ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਧਰਨਿਆਂ ਉੱਪਰ ਬੈਠੇ ਹੋਏ ਹਨ। ਕਿਸਾਨਾਂ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਤਿੰਨੇ ਕਾਨੂੰਨ ਕਿਸਾਨੀ ਨੂੰ ਖਤਮ ਕਰਕੇ ਰੱਖ ਦੇਣਗੇ, ਪਰ ਇਸਦੇ ਬਾਵਜੂਦ ਵੀ ਨਰਿੰਦਰ ਮੋਦੀ ਆਪਣੇ ਮਨ ਕੀ ਬਾਤ ਉੱਪਰ ਅਮਲ ਕਰਕੇ ਆਪਣੀ ਮਨ ਮਰਜ਼ੀ ਕਰ ਰਹੇ ਹਨ। ਸ. ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਬਿਨ੍ਹਾਂ ਹੋਰ ਦੇਰੀ ਕੀਤਿਆਂ ਇਹ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਕਿਉਂਕਿ ਇਸੇ ਵਿੱਚ ਹੀ ਦੇਸ਼ ਅਤੇ ਕਿਸਾਨਾਂ ਦੀ ਭਲਾਈ ਹੈ।

ਕੈਬਨਿਟ ਵਜ਼ੀਰ ਸ. ਬਾਜਵਾ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਰਾਜ ਹੱਠ ਕਰਕੇ ਬਹਿ ਗਏ ਹਨ ਜੋ ਕਿ ਕਿਸੇ ਵੀ ਤਰਾਂ ਜਾਇਜ ਨਹੀਂ ਹੈ। ਉਨ੍ਹਾਂ ਕਿਹਾ ਦੇਸ਼ ਦਾ ਕਿਸਾਨ ਕੜਾਕੇ ਦੀ ਠੰਡ ਵਿੱਚ ਧਰਨਿਆਂ ’ਤੇ ਬੈਠਾ ਹੈ ਪਰ ਕੇਂਦਰ ਸਰਕਾਰ ਦੇ ‘ਕੰਨ ’ਤੇ ਜੂੰਅ ਨੂੰ ਸਰਕ ਰਹੀ’। ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਾਲ ਸਹਿਮਤ ਹੈ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦਾ ਸਮਰਥਨ ਕਰਦੀ ਹੈ। ਸ. ਬਾਜਵਾ ਨੇ ਕਿਹਾ ਕਿ ਧਰਨੇ ਦੌਰਾਨ ਕਈ ਕਿਸਾਨਾਂ ਦੀ ਜਾਨ ਵੀ ਜਾ ਚੁੱਕੀ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਦਿੱਲੀ ਹਮਦਰਦੀ ਰੱਖਦੀ ਹੈ ਅਤੇ ਪੀੜ੍ਹਤ ਪਰਿਵਾਰਾਂ ਨੂੰ ਸੂਬਾ ਸਰਕਾਰ ਵੱਲੋਂ 5-5 ਲੱਖ ਰੁਪਏ ਦਿੱਤੇ ਜਾਣਗੇ।  

Exit mobile version