ਡਿਪਟੀ ਕਮਿਸ਼ਨਰ ਵਲੋਂ ਸਿਹਤ ਵਿਭਾਗ ਨੂੰ ਅਗਲੇ 15 ਦਿਨਾਂ ਵਿੱਚ ਸਾਰੇ ਸਰਕਾਰੀ ਮੁਲਾਜ਼ਮਾਂ ਦੇ ਕੋਵਿਡ-19 ਦੇ ਟੈਸਟ ਕਰਨ ਦੇ ਨਿਰਦੇਸ਼

DC GSP

ਬਟਾਲਾ, 27 ਨਵੰਬਰ – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਅਗਲੇ 15 ਦਿਨਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਦੇ ਕੋਵਿਡ-19 ਦੇ ਟੈਸਟ ਕੀਤੇ ਜਾਣ। ਅੱਜ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਦੀ ਸੰਭਾਵੀ ਦੂਸਰੀ ਲਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਸਾਰੇ ਜਰੂਰੀ ਕਦਮ ਚੁੱਕੇ ਜਾਣ ਅਤੇ ਕੋਵਿਡ-19 ਦੀ ਰੋਜ਼ਾਨਾ ਟੈਸਟਿੰਗ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਜਿਥੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੇ ਟੈਸਟ ਕੀਤੇ ਜਾਣ ਉਥੇ ਜ਼ਿਲ੍ਹੇ ਦੇ ਹਰ ਵਿਭਾਗ ਵਿੱਚ ਵੀ ਕੈਂਪ ਲਗਾ ਕੇ ਸਾਰੇ ਸਰਕਾਰੀ ਮੁਲਾਜ਼ਮਾਂ ਦੇ ਟੈਸਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੇ ਟੈਸਟ ਕਰਨੇ ਇਸ ਲਈ ਵੀ ਜਰੂਰੀ ਹਨ ਕਿ ਇਹ ਦਫ਼ਤਰੀ ਕੰਮ ਦੌਰਾਨ ਬਹੁਤ ਸਾਰੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ।  

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਜਿਹੜੇ ਵਿਅਕਤੀ ਕੋਰੋਨਾ ਪਾਜ਼ਟਿਵ ਆਉਂਦੇ ਹਨ ਉਨ੍ਹਾਂ ਦੀ ਕੰਟੈਕਟ ਹਿਸਟਰੀ ਨੂੰ ਫਰੋਲਿਆ ਜਾਵੇ ਅਤੇ ਜਿਹੜੇ ਵੀ ਵਿਅਕਤੀ ਕੋਰੋਨਾ ਪਾਜ਼ਟਿਵ ਦੇ ਸੰਪਰਕ ਵਿੱਚ ਆਏ ਹਨ ਉਨ੍ਹਾਂ ਸਾਰਿਆਂ ਦੇ ਟੈਸਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਆਮ ਜਨਤਾ ਨੂੰ ਕੋਵਿਡ ਬਾਰੇ ਜਾਗਰੂਕ ਵੀ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਕੋਈ ਲਾਪਰਵਾਹੀ ਨਾ ਵਰਤਣ ਕਿਉਂਕਿ ਸਿਹਤ ਮਾਹਰਾਂ ਅਨੁਸਾਰ ਕੋਵਿਡ-19 ਦੀ ਦੂਸਰੀ ਲਹਿਰ ਦੁਬਾਰਾ ਉੱਠ ਸਕਦੀ ਹੈ ਜੋ ਕਿ ਪਹਿਲਾਂ ਨਾਲੋਂ ਵੀ ਖਤਰਨਾਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਮਾਸਕ ਲਗਾਉਣਾ ਚਾਹੀਦਾ ਹੈ, ਸੋਸਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਬਾਰ-ਬਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।  

Exit mobile version