ਕੋਵਿਡ-19 ਦੇ ਲੱਛਣ ਜਾਂ ਪੀੜਤ ਦੇ ਸੰਪਰਕ ਵਿਚ ਆਉਣ ਤੇ ਕੋਰੋਨਾ ਟੈਸਟ ਜਰੂਰ ਕਰਵਾਇਆ ਜਾਵੇ-ਡਿਪਟੀ ਕਮਿਸ਼ਨਰ

DC GSP

ਗੁਰਦਾਸਪੁਰ, 19 ਨਵੰਬਰ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਮਾਸਕ ਪਹਿਨ ਕੇ, ਸ਼ੋਸਲ ਡਿਸਟੈਂਸ ਬਣਾ ਕੇ, ਹੱਥਾਂ ਨੂੰ ਸਾਫ ਰੱਖ ਕੇ ਅਤੇ ਕੋਰੋਨਾ ਟੈਸਟਿੰਗ ਕਰਵਾ ਕੇ, ਅਸੀਂ ਜ਼ਿਲ•ੇ ਅੰਦਰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਿਚ ਸਹਾਈ ਹੋ ਸਕਦੇ ਹਾਂ। ਲੋਕਾਂ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਹੋਣ ਜਾਂ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਉਣ ਤੇ ਆਪਣਾ ਟੈਸਟ ਜਰੂਰ ਕਰਵਾਉਣ ਚਾਹੀਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲਾ ਵਾਸੀਆਂ ਨੂੰ ਫੇਸਬੁੱਕ ਲਾਈਵ ਰਾਹੀਂ ਬੀਤੀ ਸ਼ਾਮ ਕੋਵਿਡ-19 ਅਪਡੇਟ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ 18 ਨਵੰਬਰ ਤਕ ਜਿਲੇ ਅੰਦਰ ਕਰੀਬ 1 ਲੱਖ 92 ਹਜਾਰ ਵਿਅਕਤੀਆਂ ਦੇ ਕੋਰੋਨਾ ਸੈਂਪਲ ਲਏ ਜਾ ਚੁੱਕੇ ਹਨ ਤੇ ਰੋਜਾਨਾ ਕਰੀਬ 1500 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ ਉਨਾਂ ਪਹਿਲਾਂ ਕੋਰੋਨਾ ਬਿਮਾਰੀ ਨੂੰ ਕੰਟਰੋਲ ਕਰਨ ਵਿਚ ਜ਼ਿਲ•ਾ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਹੈ ਓਸੇ ਤਰਾਂ ਅਗਲੇ ਦਿਨਾਂ ਵਿਚ ਵੀ ਸਹਿਯੋਗ ਕਰਨ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਦੱਸਿਆ ਕਿ ਡਾਕਟਰੀ ਮਾਹਿਰਾਂ ਦੇ ਮੰਨਣਾ ਹੈ ਕਿ ਅਗਲੇ ਕੁਝ ਦਿਨਾਂ ਵਿਚ ਕੋਰੋਨਾ ਬਿਮਾਰੀ ਦਾ ਫੈਲਾਅ ਹੋ ਸਕਦਾ ਹੈ, ਜਿਸ ਤਰਾਂ ਦਿੱਲੀ ਅਤੇ ਵਿਦੇਸ਼ਾਂ ਵਿਚ ਹੋਇਆ ਹੈ।

ਉਨਾਂ ਅੱਗੇ ਕਿਹਾ ਕਿ ਸਾਡਾ ਸਾਰਿਆਂ ਦਾ ਸਮਾਜਿਕ ਫਰਜ਼ ਬਣਦਾ ਹੈ ਕਿ ਜੇਕਰ ਕੋਰੋਨਾ ਬਿਮਾਰੀ ਦੇ ਲੱਛਣ ਹੁੰਦੇ ਹਨ ਜਾਂ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਉਂਦੇ ਹਾਂ ਤਾਂ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਾਜ਼ਮੀ ਤੋਰ ਤੇ ਕਰਨੀ ਚਾਹੀਦੀ ਹੈ।
ਉਨਾਂ ਅੱਗੇ ਕਿਹਾ ਕਿ ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਕੋਰੋਨਾ ਬਿਮਾਰੀ ਦਾ ਮੁੱਢਲੀ ਸਟੇਜ ਤੇ ਪਤਾ ਲੱਗ ਜਾਵੇ ਤਾਂ ਇਸ ਉਪਰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਅਗਲੇ ਦਿਨਾਂ ਵਿਚ ਹੋਰ ਸੁਚੇਤ ਹੋ ਕੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿਚ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਵਾਰ ਜਿਲੇ ਅੰਦਰ 18 ਨਵੰਬਰ ਤਕ ਰਿਕਾਰਡ 920887 ਮੀਟਰਕ ਟਨ ਝੋਨੇ ਦੀ ਫਸਲ ਦੀ ਮੰਡੀਆਂ ਵਿਚ ਆਮਦ ਹੋਈ ਹੈ। ਉਨਾਂ ਅੱਗੇ ਕਿਹਾ ਕਿ ਝੋਨੇ ਦੀ ਵਢਾਈ ਦੇ ਦੋ-ਤਿੰਨ ਦਿਨਾਂ ਤੋਂ ਬਾਅਦ ਨਾੜ ਨੂੰ ਅੱਗ ਲਗਾਉਣ ਦੀ ਘਟਨਾਵਾਂ ਵਿਚ ਵੱਡੇ ਪੱਧਰ ਤੇ ਸੁਧਾਰ ਆਇਆ ਤੇ ਦੂਸਰੇ ਜਿਲਿਆਂ ਦੇ ਮੁਕਾਬਲੇ ਗੁਰਦਾਸਪੁਰ ਦਾ ਵਾਤਾਵਰਣ ਸਹੀ ਰਿਹਾ। ਉਨਾਂ ਅੱਗੇ ਦੱਸਿਆ ਕਿ ਜ਼ਿਲੇ ਅੰਦਰ ਕੋਵਿਡ-19 ਕੰਟਰੋਲ ਵਿਚ ਰਹਿਣ ਨਾਲ ਗੁਰਦਾਸਪੁਰ ਦਾ ਬਿਜਨਸ ਵੀ ਸਹੀ ਰਿਹਾ। ਉਨਾਂ ਦੱਸਿਆ ਕਿ ਜਿਲੇ ਅੰਦਰ ਜੀਐਸਟੀ ਕੁਲੇਕਸ਼ਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅਕਤੂਬਰ ਤਕ ਤਕਰੀਬਨ 5 ਫੀਸਦ ਵਧਿਆ ਅਤੇ ਐਕਸਾਈਜ਼ ਰੈਵਨਿਊ ਵਿਚ ਵੀ ਕਰੀਬ 25 ਫੀਸਦ ਦਾ ਵਾਧਾ ਹੋਇਆ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕੋਵਿਡ-19 ਕਾਰਨ ਪੇਂਡੂ ਤੇ ਸ਼ਹਿਰੀ ਖੇਤਰ ਵਿਚ ਵਿਕਾਸ ਕੰਮ ਦੀ ਰਫਤਾਰ ਘੱਟ ਗਈ ਸੀ ਪਰ ਹੁਣ ਦੁਬਾਰਾ ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਵਿਕਾਸ ਕੰਮਾਂ ਨੇ ਤੇਜ਼ੀ ਫੜ• ਲਈ ਹੈ। ਆਖਰ ਵਿਚ ਉਨਾਂ ਫਿਰ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਬਿਹਤਰੀ ਤੇ ਸਮਾਜਿਕ ਜਿੰਮੇਵਾਰੀ ਨੂੰ ਸਮਝਦੇ ਹੋਏ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਸਾਵਧਾਨੀਆਂ ਵਰਤੀਆਂ ਜਾਣ।

Exit mobile version