ਪੰਜਾਬ ਵਿਚ ਨਿੱਜੀ ਵਾਹਨਾਂ ਦੀ ਟਰਾਂਸਫਰ ਲਈ ਐਨ.ਓ.ਸੀ. ਦੀ ਜ਼ਰੂਰਤ ਨਹੀਂ: ਰਜ਼ੀਆ ਸੁਲਤਾਨਾ

razia sultan

ਟਰਾਂਸਪੋਰਟ ਵਿਭਾਗ ਨੇ ਗੈਰ-ਟਰਾਂਸਪੋਰਟ ਵਾਹਨਾਂ ਲਈ ਐਨ.ਓ.ਸੀ. ਕੀਤੀ ਖ਼ਤਮ

ਹੋਰਨਾਂ ਸੂਬਿਆਂ ਦੇ ਰਜਿਸਟਰਡ ਨਿੱਜੀ ਵਾਹਨਾਂ ਦੇ ਟਰਾਂਸਫਰ ਲਈ ਐਨ.ਓ.ਸੀ. ਦੀ ਜ਼ਰੂਰਤ ਜਾਰੀ ਰਹੇਗੀ

 ਚੰਡੀਗੜ੍ਹ, 6 ਨਵੰਬਰ: ਵਾਹਨ ਦੀ ਵਿਕਰੀ ਆਦਿ ਮੌਕੇ ਪੰਜਾਬ ਵਿਚ ਰਜਿਸਟਰਡ ਕਿਸੇ ਵੀ ਨਿੱਜੀ ਵਾਹਨ ਦੀ ਸੂਬੇ ਵਿਚਲੀ ਹੀ ਕਿਸੇ ਹੋਰ ਰਜਿਸਟਰਿੰਗ ਅਥਾਰਟੀ ਕੋਲ ਟਰਾਂਸਫਰ ਮੌਕੇ ਹੁਣ ਦਰਖਾਸਤਕਰਤਾ ਨੂੰ ਅਸਲ ਰਜਿਸਟਰਿੰਗ ਅਥਾਰਟੀ ਕੋਲ ਐਨਓਸੀ ਲੈਣ ਲਈ ਜਾਣ ਦੀ ਜ਼ਰੂਰਤ ਨਹੀਂ ਹੈ। ਅਜਿਹੇ ਮਾਮਲਿਆਂ ਵਿਚ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਐਨ.ਓ.ਸੀ. ਦੀ ਲੋੜ ਨੂੰ ਖ਼ਤਮ ਕਰ ਦਿੱਤਾ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਹੁਣ ਸਾਰੀ ਪ੍ਰਕਿਰਿਆ ਇੱਕ ਆਨਲਾਈਨ ਪ੍ਰਣਾਲੀ `ਵਾਹਨ 4.0` ਰਾਹੀਂ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਨਾਲ ਜੁੜੀ ਸਾਰੀ ਜਾਣਕਾਰੀ ਜਿਵੇਂ ਟੈਕਸ, ਫੀਸ ਅਤੇ ਫਿੱਟਨੈਸ ਆਦਿ ਰਜਿਸਟਰਿੰਗ ਅਥਾਰਟੀ ਕੋਲ ਉਪਲੱਬਧ ਹੁੰਦੀ ਹੈ।

ਇਸ ਲਈ ਹੁਣ ਪੰਜਾਬ ਵਿਚ ਰਜਿਸਟਰਡ ਗੈਰ-ਟਰਾਂਸਪੋਰਟ (ਨਿੱਜੀ) ਵਾਹਨਾਂ ਦੇ ਤਬਾਦਲੇ ਲਈ ਵਾਹਨ ਮਾਲਕਾਂ ਨੂੰ ਐਨ.ਓ.ਸੀ. ਲੈਣ ਲਈ ਸਬੰਧਤ ਦਫਤਰ ਵਿਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਮੌਜੂਦਾ ਪ੍ਰਣਾਲੀ ਤਹਿਤ ਵਾਹਨ ਦੀ ਵਿਕਰੀ ਦੇ ਮਾਮਲੇ ਵਿਚ ਗੈਰ-ਟਰਾਂਸਪੋਰਟ (ਨਿੱਜੀ) ਵਾਹਨਾਂ ਦੀ ਮਾਲਕੀ ਦਾ ਤਬਾਦਲਾ ਨਵੀਂ ਰਜਿਸਟਰਿੰਗ ਅਥਾਰਟੀ ਵਿਚ ਤਬਦੀਲ ਕੀਤੇ ਜਾਣ ਲਈ ਬਿਨੈਕਾਰ ਨੂੰ ਵਾਹਨ ਦੀ ਐਨ.ਓ.ਸੀ. ਪ੍ਰਾਪਤ ਕਰਨ ਲਈ ਅਸਲ ਰਜਿਸਟਰਿੰਗ ਅਥਾਰਟੀ ਕੋਲ ਜਾਣਾ ਪੈਂਦਾ ਹੈ। ਹੁਣ ਬਿਨੈਕਾਰ ਅਸਲ ਆਰਟੀਏ/ਐਸਡੀਐਮ ਦਫਤਰਾਂ, ਜਿੱਥੇ ਵਾਹਨ ਰਜਿਸਟਰਡ ਹੈ, ਵਿਖੇ ਆਨਲਾਈਨ ਅਰਜ਼ੀ ਦੇ ਕੇ ਆਪਣੇ ਵਾਹਨਾਂ ਦਾ ਤਬਾਦਲਾ ਕਰਾ ਸਕਣਗੇ। ਇਸ ਨਾਲ ਤਬਾਦਲੇ ਲਈ ਵੱਖ-ਵੱਖ ਰਜਿਸਟਰਿੰਗ ਅਥਾਰਟੀਆਂ ਕੋਲ ਜਾਣ ਦੀ ਲੰਬੀ ਪ੍ਰਕਿਰਿਆ ਅਤੇ ਸਮੇਂ ਦੀ ਬਚਤ ਹੋਵੇਗੀ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ ਹਰ ਸਾਲ 1 ਲੱਖ ਤੋਂ ਵੱਧ ਨਿੱਜੀ ਵਾਹਨਾਂ ਦੀ ਮਾਲਕੀ ਤਬਦੀਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਟਰਾਂਸਪੋਰਟ ਵਾਹਨ (ਵਪਾਰਕ) ਅਤੇ ਹੋਰਨਾਂ ਸੂਬਿਆਂ ਵਿਚ ਰਜਿਸਟਰਡ ਗੈਰ-ਟਰਾਂਸਪੋਰਟ (ਨਿੱਜੀ) ਵਾਹਨਾਂ ਦੇ ਤਬਾਦਲੇ ਲਈ ਐਨ.ਓ.ਸੀ. ਦੀ ਜ਼ਰੂਰਤ ਜਾਰੀ ਰਹੇਗੀ।    

Exit mobile version