ਭਾਰਤ-ਪਾਕ ਸਰਹੱਦ ਨੇੜਿਓਂ 5 ਕਿਲੋ ਹੈਰੋਇਨ ਕੀਤੀ ਬਰਾਂਮਦ ,ਖੇਤਾਂ ਵਿੱਚੋਂ ਝੋਨੇ ਦੀ ਕਟਾਈ ਸਮੇਂ ਵੱਡੀ ਮਾਤਰਾ ਵਿੱਚ ਲੁਕਾਈ ਗਈ ਸੀ ਹੈਰੋਇਨ

ਆਈ.ਜੀ. ਬਾਰਡਰ ਰੇਂਜ ਨੇ ਬਟਾਲਾ ਪੁਲਿਸ ਦੀ ਪਿੱਠ ਥਾਪੜੀ

ਬਟਾਲਾ, 9 ਅਕਤੂਬਰ (ਮੰਨਨ ਸੈਣੀ ) – ਪੁਲਿਸ ਜ਼ਿਲ੍ਹਾ ਬਟਾਲਾ ਨੇ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ 5 ਕਿਲੋ ਹੈਰੋਇਨ ਬਰਾਮਦ ਕਰਕੇ ਇੱਕ ਹੋਰ ਵੱਡਾ ਮਾਰਕਾ ਮਾਰਿਆ ਹੈ। ਕੁਝ ਦਿਨ ਪਹਿਲਾਂ ਵੀ ਬਟਾਲਾ ਪੁਲਿਸ ਵਲੋਂ 6 ਕਿਲੋ 557 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।

ਸਥਾਨਕ ਪੁਲਿਸ ਲਾਈਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਬਾਰਡਰ ਰੇਂਜ ਦੇ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਬਟਾਲਾ ਪੁਲਿਸ ਨੇ ਨਸ਼ਿਆਂ ਖਿਲਾਫ ਇੱਕ ਵਾਰ ਫਿਰ ਵੱਡੀ ਕਾਰਵਾਈ ਕਰਦਿਆਂ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸਰਚ ਅਭਿਆਨ ਦੌਰਾਨ ਐੱਸ.ਆਈ. ਦਲਜੀਤ ਸਿੰਘ, ਇੰਚਾਰਜ ਸੀ.ਆਈ.ਏ ਨੂੰ ਇੱਕ ਮੁਖਬਰ ਵਲੋਂ ਸੂਚਨਾ ਮਿਲੀ ਸੀ ਕਿ ਗੁਰਦੇਵ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮੇਘਾ, ਥਾਣਾ ਡੇਰਾ ਬਾਬਾ ਨਾਨਕ ਦੇ ਖੇਤਾਂ ਵਿੱਚੋਂ ਝੋਨੇ ਦੀ ਕਟਾਈ ਸਮੇਂ ਵੱਡੀ ਮਾਤਰਾ ਵਿੱਚ ਹੈਰੋਇਨ ਮਿਲੀ ਹੈ ਜਿਸਨੂੰ ਗੁਰਦੇਵ ਸਿੰਘ ਨੇ ਲੁਕਾ ਕੇ ਰੱਖ ਲਿਆ ਹੈ।

ਆਈ.ਜੀ. ਸ੍ਰੀ ਪਰਮਾਰ ਨੇ ਦੱਸਿਆ ਕਿ ਮੁਖਬਰੀ ਠੋਸ ਹੋਣ ਕਾਰਨ ਥਾਣਾ ਡੇਰਾ ਬਾਬਾ ਨਾਨਕ ਵਿਖੇ ਮਿਤੀ 8 ਅਕਤੂਬਰ 2020 ਨੂੰ ਮੁਕੱਦਮਾ ਨੰਬਰ 170, ਜੁਰਮ 21-61-85 ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ  ਅਤੇ ਗੁਰਦੇਵ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮੇਘਾ ਨੂੰ ਕਾਬੂ ਕਰਕੇ ਜਦੋਂ ਉਸ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ 5 ਕਿਲੋਗ੍ਰਾਮ ਹੈਰੋਇਨ ਬਰਾਂਮਦ ਕਰ ਲਈ। ਦੋਸ਼ੀ ਗੁਰਦੇਵ ਸਿੰਘ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀ ਕੋਲੋਂ ਹੋਰ ਪੁੱਛ-ਗਿੱਛ ਕੀਤੀ ਜਾ ਸਕੇ।

ਆਈ.ਜੀ. ਬਾਰਡਰ ਰੇਂਜ ਨੇ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਐੱਸ.ਐੱਸ.ਪੀ. ਬਟਾਲਾ ਦੀ ਤਾਇਨਤੀ ਦੌਰਾਨ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 12 ਕਿਲੋ 143 ਗ੍ਰਾਮ ਹੈਰੋਇਨ, 1443 ਨਸ਼ੀਲ਼ੇ ਕੈਪਸੂਲ/ਗੋਲੀਆਂ, 220 ਗ੍ਰਾਂਮ ਭੁੱਕੀ ਬਰਾਂਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਲੁੱਟਾਂ-ਖੋਹਾਂ ਕਰਨ ਵਾਲੇ 39 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 7 ਪਿਸਟਲ, 2 ਰਾਈਫਲਾਂ, 58 ਜ਼ਿੰਦਾ ਰੌਂਦ, 45 ਮੋਟਰਸਾਈਕਲ, 4 ਐਕਟਿਵਾ, 1 ਇਨੋਵਾ ਕਾਰ, 1 ਬਲ਼ੇਰੋ ਗੱਡੀ, 9 ਮੋਬਾਇਲ ਅਤੇ ਬਿਜਲੀ ਟਰਾਂਸਫਾਰਮਾਂ ਤੋਂ ਚੋਰੀ ਕੀਤਾ ਤੇਲ ਬਰਾਂਮਦ ਕਰਕੇ ਕੁੱਲ 29 ਮਾਮਲੇ ਸੁਲਝਾਏ ਗਏ ਹਨ ਅਤੇ 18 ਇਸ਼ਤਿਹਾਰੀਆਂ ਨੂੰ ਕਾਬੂ ਕਰਨ ਵਿੱਚ ਬਟਾਲਾ ਪੁਲਿਸ ਕਾਮਯਾਬ ਰਹੀ ਹੈ।

ਪ੍ਰੈਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਐੱਸ.ਪੀ. ਹੈੱਡ-ਕੁਆਟਰ ਸ. ਗੁਰਪ੍ਰੀਤ ਸਿੰਘ, ਐੱਸ.ਪੀ. ਸ. ਹੁੰਦਲ ਅਤੇ ਸਮੂਹ ਡੀ.ਐੱਸ.ਪੀ. ਹਾਜ਼ਰ ਸਨ

Exit mobile version