ਹਰਸਿਮਰਤ ਬਾਦਲ ਦਾ ਅਸਤੀਫ਼ਾ ਕੇਵਲ ਊਂਗਲੀ ’ਤੇ ਖੂਨ ਲਗਾ ਕੇ ਸ਼ਹੀਦ ਬਣਨ ਦੀ ਨਾਕਾਮ ਕੋਸ਼ਿਸ਼ – ਤ੍ਰਿਪਤ ਬਾਜਵਾ

Tript Rajinder Bajwa

ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ – ਬਾਜਵਾ

ਬਟਾਲਾ, 18 ਸਤੰਬਰ ( ਮੰਨਨ ਸੈਣੀ ) – ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ ਵਿੱਚੋਂ ਦਿੱਤੇ ਅਸਤੀਫੇ ਨੂੰ ਅਕਾਲੀ ਦਲ ਵੱਲੋਂ ਇਕ ਤੋਂ ਬਾਅਦ ਇਕ ਰਚੇ ਜਾ ਰਹੇ ਡਰਾਮਿਆਂ ਦੀ ਇਕ ਹੋਰ ਨੌਟੰਕੀ ਦੱਸਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਕੇਵਲ ਊਂਗਲੀ ’ਤੇ ਖੂਨ ਲਗਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਹੈ, ਜੋ ਕਿ ਕਾਮਯਾਬ ਨਹੀਂ ਹੋਵੇਗੀ। ਉਨਾਂ ਕਿਹਾ ਕਿ ਖੇਤੀਬਾੜੀ ਬਿੱਲਾਂ ਉਤੇ ਕੇਂਦਰ ਸਰਕਾਰ ਵੱਲੋਂ ਅਕਾਲੀਆਂ ਦੇ ਮੂੰਹ ’ਤੇ ਤਮਾਚਾ ਮਾਰਨ ਦੇ ਬਾਵਜੂਦ ਅਕਾਲੀ ਦਲ ਨੇ ਹਾਲੇ ਤੱਕ ਸੱਤਾਧਾਰੀ ਗਠਜੋੜ ਨਾਲੋਂ ਨਾਤਾ ਨਹੀਂ ਤੋੜਿਆ।

ਅੱਜ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਦੀ ਕੇਂਦਰ ਸਰਕਾਰ ਦਾ ਅਜੇ ਵੀ ਹਿੱਸਾ ਹੈ ਅਤੇ ਹਰਸਿਮਰਤ ਦਾ ਅਸਤੀਫਾ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਉਣ ਦੇ ਢਕਵੰਜ ਤੋਂ ਵੱਧ ਹੋਰ ਕੁੱਝ ਨਹੀਂ।

ਸ. ਬਾਜਵਾ ਨੇ ਕਿਹਾ ਕਿ ਹਰਸਿਮਰਤ ਦਾ ਕੇਂਦਰੀ ਕੈਬਨਿਟ ਵਿੱਚੋਂ ਅਸਤੀਫਾ ਬਹੁਤ ਦੇਰੀ ਨਾਲ ਲਿਆ ਫੈਸਲਾ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਦੀ ਕਿਸੇ ਕਿਸਮ ਦੀ ਮੱਦਦ ਨਹੀਂ ਹੋਣੀ। ਉਨਾਂ ਕਿਹਾ ਕਿ ਜੇ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਸਟੈਂਡ ਲਿਆ ਹੁੰਦਾ ਅਤੇ ਇਨਾਂ ਆਰਡੀਨੈਂਸਾਂ ਵਿਰੁੱਧ ਸੂਬਾ ਸਰਕਾਰ ਦਾ ਸਮਰਥਨ ਕੀਤਾ ਹੁੰਦਾ ਤਾਂ ਸ਼ਾਇਦ ਇਹ ਬਿੱਲ ਪਾਸ ਹੋਣ ਦੇ ਹਾਲਾਤ ਪੈਦਾ ਨਾ ਹੁੰਦੇ ਅਤੇ ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਲਿਆਉਣ ਅਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਸੰਸਦ ਵਿੱਚ ਰੱਖਣ ਤੋਂ ਪਹਿਲਾਂ 10 ਵਾਰ ਸੋਚਣਾ ਪੈਂਦਾ।

ਸ. ਬਾਜਵਾ ਨੇ ਕਿਹਾ ਕਿ ਹਾਲੇ ਵੀ ਅਕਾਲੀ ਦਲ ਦਾ ਕੇਂਦਰੀ ਕੈਬਨਿਟ ਵਿੱਚੋਂ ਆਪਣੀ ਇਕਲੌਤੀ ਮੰਤਰੀ ਦਾ ਅਸਤੀਫਾ ਦਿਵਾਉਣ ਦੇ ਫੈਸਲਾ ਦਾ ਕਿਸਾਨਾਂ ਨਾਲ ਕੋਈ ਸਰੋਕਾਰ ਨਹੀਂ ਸਗੋਂ ਆਪਣੀ ਸਿਆਸੀ ਭਵਿੱਖ ਬਚਾਉਣ ਅਤੇ ਬਾਦਲਾਂ ਦੇ ਠੁੱਸ ਹੋ ਚੁੱਕੇ ਰਾਜਸੀ ਕਰੀਅਰ ਨੂੰ ਬਚਾਉਣ ਦੀ ਕਵਾਇਦ ਹੈ, ਜਿਨਾਂ ਦੀ ਸ਼ਾਖ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਪੂਰੀ ਤਰਾਂ ਡਿੱਗ ਚੁੱਕੀ ਹੈ।

ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਇਸ ਕਿਸਾਨ ਵਿਰੋਧੀ ਬਿੱਲਾਂ ਦਾ ਡਟ ਕੇ ਵਿਰੋਧ ਕਰਦੀ ਹੈ ਅਤੇ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਅਸੀਂ ਕਿਸਾਨਾਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨ, ਮਜ਼ਦੂਰ, ਗਰੀਬ ਅਤੇ ਦੇਸ਼ ਵਿਰੋਧੀ ਇਨ੍ਹਾਂ ਫੈਸਲਿਆਂ ਦਾ ਫ਼ਲ ਚੋਣਾਂ ਵਿੱਚ ਜਰੂਰ ਭੁਗਤਣਾ ਪਵੇਗਾ।

Exit mobile version