ਕੈਬਨਿਟ ਮੰਤਰੀ ਧਰਮਸੋਤ ਤੁਰੰਤ ਅਸਤੀਫ਼ਾ ਦੇਣ – ਬੱਬੇਹਾਲੀ

Gurbachan Singh Babehali

ਗੁਰਦਾਸਪੁਰ, 04 ਸਤੰਬਰ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਂ 69 ਕਰੋੜ ਰੁਪਏ ਦੇ ਐੱਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਆਉਣ ‘ਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ । ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬੱਬੇਹਾਲੀ ਨੇ ਕਿਹਾ ਕਿ  ਪੋਸਟ ਮੈਟ੍ਰਿਕ ਐੱਸ ਸੀ ਸਕਾਲਰਸ਼ਿਪ ਸਕੀਮ ਅਧੀਨ ਫੰਡਾ ਦੀ ਵੰਡ ਦੀਆਂ ਬੇਨਿਯਮੀਆਂ ਬਾਰੇ ਵਧੀਕ ਮੁੱਖ ਸਕੱਤਰ ਸ਼੍ਰੀ ਕ੍ਰਿਪਾ ਸ਼ੰਕਰ ਸਰੋਜ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਸੌਂਪੀ ਗਈ ਰਿਪੋਰਟ ਵਿੱਚ ਕੁਝ ਤੱਥ ਸਾਹਮਣੇ ਆਏ ਹਨ ਜੋ ਬਹੁਤ ਹੀ ਨਿਰਾਸ਼ਾਜਨਕ ਹਨ ।

ਉਨ੍ਹਾਂ ਕਿਹਾ ਕਿ ਦੱਸਿਆ ਗਿਆ ਹੈ ਕਿ 248.11 ਕਰੋੜ ਰੁਪਏ ਦੇ ਫ਼ੰਡ ਮਨਮਾਨੇ ਢੰਗ  ਨਾਲ ਖ਼ਰਚ ਕੀਤੇ ਗਏ ਸਨ | ਦਰਅਸਲ 39 ਕਰੋੜ ਰੁਪਏ ਬਿਨਾਂ ਕਿਸੇ ਦਸਤਾਵੇਜ਼ੀ ਅਧਾਰ ਤੋਂ ਅਤੇ ਸੰਭਵ ਤੌਰ ਤੇ ਅਜਿਹੇ  ਕਾਲਜਾਂ ਨੂੰ ਵੰਡੇ ਗਏ ਹਨ ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ | ਇਹ ਰਿਪੋਰਟ ਵਿਭਾਗ ਦੇ ਅਧਿਕਾਰੀਆਂ ਦੁਆਰਾ ਕੀਤੀ ਗਈ ਇੱਕ ਅੰਦਰੂਨੀ ਜਾਂਚ ਦਾ ਨਤੀਜਾ ਹੈ।

ਉਨ੍ਹਾਂ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ ਸਾਡੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਸਿੱਖਿਆ ਦੀ ਬਿਹਤਰ ਪਹੁੰਚ ਨੂੰ ਯਕੀਨੀ ਬਣਾਉਣ ਲਈ ਖ਼ਰਚ ਕੀਤੇ ਜਾਣ ਵਾਲੇ ਪੈਸੇ ਦੀ ਵਿਭਾਗ ਦੁਆਰਾ ਦੁਰਵਰਤੋਂ ਕੀਤੀ ਗਈ ਹੈ, ਜਿਸ ਦਾ ਨਤੀਜਾ  ਵਿਦਿਆਰਥੀਆਂ ਨੂੰ ਭੁਗਤਣਾ  ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਫੰਡਾ ਦੀ ਵੰਡ ਦੀ  ਜਾਂਚ,  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਿਸੇ ਮੌਜੂਦਾ ਮਾਣਯੋਗ ਜਸਟਿਸ ਦੁਆਰਾ  ਕੀਤੀ ਜਾਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟਗਿਣਤੀ ਮੰਤਰੀ  ਸਾਧੂ ਸਿੰਘ ਧਰਮਸੋਤ ਨੂੰ ਆਪਣੇ ਮਹਿਕਮੇ  ਦੇ ਕੰਮਕਾਜ ਦੀ ਜਾਂਚ ਦੇ ਦੌਰਾਨ ਅਸਤੀਫ਼ਾ ਦੇਣਾ ਚਾਹੀਦਾ ਹੈ । ਇਸ ਤੋਂ ਕੁਝ ਵੀ ਘੱਟ ਪੰਜਾਬ ਦੇ ਲੋਕਾਂ ਨਾਲ ਅਨਿਆਂ ਹੋਵੇਗਾ ।

FacebookTwitterEmailWhatsAppTelegramShare
Exit mobile version