ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪ੍ਰਿੰਸੀਪਲ ਜਨਗਣਨਾ ਅਧਿਕਾਰੀ, ਆਦਿੱਤਿਆ ਉੱਪਲ ਵਲੋਂ ਅੱਜ ਸਵੈ ਗਣਨਾ ਪ੍ਰਕਿਰਿਆ ਦੀ ਸ਼ੁਰੂਆਤ

ਸਵੈ ਗਣਨਾ ਦੀ ਪ੍ਰਕਿਰਿਆ 30 ਅਪ੍ਰੈਲ ਤੋਂ 14 ਮਈ ਤੱਕ ਜਾਰੀ ਰਹੇਗੀ-ਇਸ ਤੋਂ ਬਾਅਦ 15 ਮਈ ਤੋਂ 13 ਜੂਨ ਤੱਕ ਘਰ-ਘਰ ਜਾ ਕੇ ਜਨਗਣਨਾ ਦਾ ਪਹਿਲਾ ਪੜਾਅ ਸ਼ੁਰੂ ਹੋਵੇਗਾ

ਗੁਰਦਾਸਪੁਰ, 30 ਅਪ੍ਰੈਲ 2026 (ਮੰਨਨ ਸੈਣੀ )। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪ੍ਰਿੰਸੀਪਲ ਜਨਗਣਨਾ ਅਧਿਕਾਰੀ, ਆਦਿੱਤਿਆ ਉੱਪਲ ਵਲੋਂ ਜਨਗਣਨਾ ਭਾਰਤ ਦੇ ਤਹਿਤ ਸਵੈ ਗਣਨਾ ਪ੍ਰਕਿਰਿਆ ਦੀ ਸ਼ੁਰੂਆਤ ਅੱਜ 30 ਅਪ੍ਰੈਲ ਤੋਂ ਕਰ ਦਿੱਤੀ ਗਈ ਹੈ, ਜੋ ਕਿ 14 ਮਈ 2026 ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਨਾਗਰਿਕ se.census.gov.in ਪੋਰਟਲ ਰਾਹੀਂ ਮੋਬਾਈਲ OTP ਲਾਗਇਨ ਦੀ ਵਰਤੋਂ ਕਰਕੇ ਆਸਾਨੀ ਨਾਲ ਆਪਣੇ ਘਰੇਲੂ ਵੇਰਵੇ ਆਨਲਾਈਨ ਦਰਜ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਕਿਰਿਆ ਨਾਲ ਸਮੇਂ ਦੀ ਬਚਤ ਹੁੰਦੀ ਹੈ ਅਤੇ ਸੁਰੱਖਿਅਤ ਪ੍ਰਣਾਲੀ ਰਾਹੀਂ ਡਾਟਾ ਦੀ ਸਟੀਕਤਾ ਯਕੀਨੀ ਬਣਦੀ ਹੈ। ਸਾਰੇ ਇਕੱਠੇ ਕੀਤੇ ਜਾਣ ਵਾਲੇ ਡਾਟਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ ਅਤੇ ਇਸਦਾ ਉਪਯੋਗ ਕੇਵਲ ਸਰਕਾਰੀ ਯੋਜਨਾ ਬਣਾਉਣ ਅਤੇ ਵਿਕਾਸ ਕਾਰਜਾਂ ਲਈ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਵਿੱਚ ਭਾਗ ਲੈਣ ਅਤੇ ਜਾਗਰੂਕਤਾ ਫੈਲਾਉਣ।

ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੋਬਨ ਰੰਧਾਵਾ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਜਨਗਣਨਾ ਪ੍ਰਕਿਰਿਆ ਵਿੱਚ ਸਰਗਰਮ ਹਿੱਸਾ ਲੈਣ ਅਤੇ ਆਨਲਾਈਨ ਐਂਟਰੀ ਕਰਦੇ ਸਮੇਂ ਆਪਣੀ ਮਾਂ ਬੋਲੀ ਨੂੰ ਜ਼ਰੂਰ ਚੁਣਨ।

ਇਸ ਮੌਕੇ ਰਾਜੇਸ਼ ਸ਼ਰਮਾ, ਉਪ ਅਰਥ ਅਤੇ ਅਕੜਾ ਸਲਾਹਕਾਰ-ਕਮ-ਵਧੀਕ ਜ਼ਿਲ੍ਹਾ ਅਕੜਾ ਅਫਸਰ, ਗੁਰਦਾਸਪੁਰ ਨੇ ਦੱਸਿਆ ਕਿ ਪੋਰਟਲ ’ਤੇ ਮੰਗੀ ਜਾਣ ਵਾਲੀ ਜਾਣਕਾਰੀ ਆਮ ਤੌਰ ’ਤੇ ਮੁੱਢਲੀ ਜਿਹੀ ਹੁੰਦੀ ਹੈ, ਜਿਸ ਵਿੱਚ ਮਕਾਨ ਦੀ ਕਿਸਮ (ਕੱਚਾ ਜਾਂ ਪੱਕਾ), ਕਮਰਿਆਂ ਦੀ ਗਿਣਤੀ, ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਮਾਲਕੀ ਦੀ ਸਥਿਤੀ, ਵਿਆਹੁਤਾ ਜੋੜਿਆਂ ਦੀ ਗਿਣਤੀ, ਪੀਣ ਵਾਲਾ ਪਾਣੀ ਅਤੇ ਬਿਜਲੀ ਦੀ ਉਪਲਬਧਤਾ, ਐਲ.ਪੀ.ਜੀ./ਪੀ.ਐਨ.ਜੀ. ਕਨੈਕਸ਼ਨ ਅਤੇ ਰੇਡੀਓ, ਟੈਲੀਵਿਜ਼ਨ, ਮੋਬਾਈਲ ਆਦਿ ਦੀ ਜਾਣਕਾਰੀ ਭਰਨ ਤੋਂ ਬਾਅਦ ਇੱਕ ਸੈਲਫ ਐਨਯੂਮੇਰੇਸ਼ਨ ਆਈ.ਡੀ. ਜਨਰੇਟ ਹੁੰਦੀ ਹੈ। ਇਸ ਜਾਣਕਾਰੀ ਨੂੰ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਗਿਣਤੀ ਦੌਰਾਨ ਗਣਨਾਕਾਰ ਦੇ ਦੌਰੇ ਸਮੇਂ ਅੰਤਿਮ ਪ੍ਰਮਾਣਿਕਤਾ ਤੋਂ ਪਹਿਲਾਂ ਸੋਧਿਆ ਵੀ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਸਵੈ ਗਣਨਾ ਦੀ ਪ੍ਰਕਿਰਿਆ 30 ਅਪ੍ਰੈਲ ਤੋਂ 14 ਮਈ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ 15 ਮਈ ਤੋਂ 13 ਜੂਨ ਤੱਕ ਘਰ-ਘਰ ਜਾ ਕੇ ਜਨਗਣਨਾ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਵਿਸ਼ਵਾਸ ਸੋਅਮ (ਜ਼ਿਲ੍ਹਾ ਕੋਆਰਡੀਨੇਟਰ) ਵੀ ਹਾਜ਼ਰ ਸਨ।

Exit mobile version