ਵਿਧਾਇਕ ਕੁਲਵੰਤ ਸਿੰਘ ਅਤੇ ਸਪੈਸ਼ਲ ਡੀ.ਜੀ.ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਵੀ ਕੀਤੀ ਸਵੈ ਗਣਨਾ ਤਹਿਤ ਆਪਣੀ ਜਾਣਕਾਰੀ ਪੋਰਟਲ ਤੇ ਭਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਪ੍ਰੈਲ 2026 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪ੍ਰਿੰਸੀਪਲ ਜਨਗਣਨਾ ਅਧਿਕਾਰੀ, ਕੋਮਲ ਮਿੱਤਲ ਨੇ ਅੱਜ ਜਨਗਣਨਾ ਭਾਰਤ ਦੇ ਤਹਿਤ ਸਵੈ ਗਣਨਾ ਪ੍ਰਕਿਰਿਆ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਵੇਰਵੇ ਪੋਰਟਲ ’ਤੇ ਦਰਜ ਕਰਵਾਏ। ਇਹ ਡਿਜੀਟਲ ਪ੍ਰਕਿਰਿਆ ਅੱਜ 30 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ।
ਜ਼ਿਲ੍ਹੇ ਦੇ ਨਿਵਾਸੀਆਂ ਨੂੰ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵੈ ਗਣਨਾ (ਸੈਲਫ ਐਨਯੂਮੇਰੇਸ਼ਨ) ਪ੍ਰਕਿਰਿਆ ਬਹੁਤ ਹੀ ਆਸਾਨ, ਯੂਜ਼ਰ-ਫ੍ਰੈਂਡਲੀ ਅਤੇ ਸੁਵਿਧਾਜਨਕ ਹੈ। ਨਾਗਰਿਕ se.census.gov.in ਪੋਰਟਲ ’ਤੇ ਲਾਗਇਨ ਕਰਕੇ ਘਰ ਦੇ ਮੁਖੀ ਦਾ ਨਾਮ ਅਤੇ ਮੋਬਾਈਲ ਨੰਬਰ ਦਰਜ ਕਰਨ ਉਪਰੰਤ ਓ ਟੀ ਪੀ ਰਾਹੀਂ ਪ੍ਰਮਾਣਿਤ ਕਰ ਸਕਦੇ ਹਨ। ਇਸ ਤੋਂ ਬਾਅਦ ਜਿਓ-ਲੋਕੇਸ਼ਨ ਦੇ ਨਾਲ ਸਵੈ ਗਣਨਾ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪੋਰਟਲ ’ਤੇ ਮੰਗੀ ਜਾਣ ਵਾਲੀ ਜਾਣਕਾਰੀ ਆਮ ਤੌਰ ’ਤੇ ਮੁੱਢਲੀ ਜਿਹੀ ਹੁੰਦੀ ਹੈ, ਜਿਸ ਵਿੱਚ ਮਕਾਨ ਦੀ ਕਿਸਮ (ਕੱਚਾ ਜਾਂ ਪੱਕਾ), ਕਮਰਿਆਂ ਦੀ ਗਿਣਤੀ, ਪਰਿਵਾਰ ਦੇ ਮੈਂਬਰਾਂ ਦੀ ਗਿਣਤੀ, ਮਾਲਕੀ ਦੀ ਸਥਿਤੀ, ਵਿਆਹੁਤਾ ਜੋੜਿਆਂ ਦੀ ਗਿਣਤੀ, ਪੀਣ ਵਾਲਾ ਪਾਣੀ ਅਤੇ ਬਿਜਲੀ ਦੀ ਉਪਲਬਧਤਾ, ਐਲ.ਪੀ.ਜੀ./ਪੀ.ਐਨ.ਜੀ. ਕਨੈਕਸ਼ਨ ਅਤੇ ਰੇਡੀਓ, ਟੈਲੀਵਿਜ਼ਨ, ਮੋਬਾਈਲ/ਸਮਾਰਟਫੋਨ, ਸਾਈਕਲ, ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਵਰਗੀਆਂ ਸਹੂਲਤਾਂ ਸ਼ਾਮਲ ਹਨ।
ਸਾਰੀ ਜਾਣਕਾਰੀ ਭਰਨ ਤੋਂ ਬਾਅਦ ਇੱਕ ਸੈਲਫ ਐਨਯੂਮੇਰੇਸ਼ਨ ਆਈ.ਡੀ. ਜਨਰੇਟ ਹੁੰਦੀ ਹੈ। ਇਸ ਜਾਣਕਾਰੀ ਨੂੰ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਗਿਣਤੀ ਦੌਰਾਨ ਗਣਨਾਕਾਰ ਦੇ ਦੌਰੇ ਸਮੇਂ ਅੰਤਿਮ ਪ੍ਰਮਾਣਿਕਤਾ ਤੋਂ ਪਹਿਲਾਂ ਸੋਧਿਆ ਵੀ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਗਣਨਾਕਾਰ ਦੀ ਪਛਾਣ ਲਈ ਉਸਦਾ ਸਰਕਾਰੀ/ਜਨਗਣਨਾ ਆਈ.ਡੀ. ਕਾਰਡ ਜ਼ਰੂਰ ਚੈਕ ਕਰਨ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਨਿੱਜੀ ਆਰਥਿਕ ਜਾਣਕਾਰੀ ਜਿਵੇਂ ਕਿ ਬੈਂਕ ਖਾਤੇ ਜਾਂ ਲੈਣ-ਦੇਣ ਬਾਰੇ ਜਾਣਕਾਰੀ ਨਹੀਂ ਮੰਗੀ ਜਾਵੇਗੀ, ਇਸ ਲਈ ਲੋਕ ਧੋਖਾਧੜੀ ਤੋਂ ਸਾਵਧਾਨ ਰਹਿਣ।
ਉਨ੍ਹਾਂ ਕਿਹਾ ਕਿ ਜਨ-ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਸਪੈਸ਼ਲ ਡੀ.ਜੀ.ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਵੀ ਆਪਣੇ ਘਰਾਂ ਵਿੱਚ ਸਵੈ ਗਣਨਾ ਕਰ ਲਈ ਹੈ।
ਸਵੈ ਗਣਨਾ ਦੀ ਪ੍ਰਕਿਰਿਆ 30 ਅਪ੍ਰੈਲ ਤੋਂ 14 ਮਈ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ 15 ਮਈ ਤੋਂ 13 ਜੂਨ ਤੱਕ ਘਰ-ਘਰ ਜਾ ਕੇ ਜਨਗਣਨਾ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਐਸ.ਏ.ਐਸ. ਨਗਰ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਹੱਤਵਪੂਰਨ ਰਾਸ਼ਟਰੀ ਮੁਹਿੰਮ ਦੀ ਸਫਲਤਾ ਲਈ ਪੂਰਾ ਸਹਿਯੋਗ ਦੇਣ।
