ਗੁਰਦਾਸਪੁਰ, 30 ਅਪ੍ਰੈਲ 2026 (ਮੰਨਨ ਸੈਣੀ)। ਗੁਰਦਾਸਪੁਰ ਦੀ ਲਗਾਤਾਰ ਵਧ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਗੁਰਦਾਸਪੁਰ ਇੰਪਰੂਵਮੈਂਟ ਟਰੱਸਟ ਵੱਲੋਂ ਇੱਕ ਅਹਿਮ ਪ੍ਰੋਜੈਕਟ ਉਲੀਕਿਆ ਗਿਆ ਸੀ। ਜਿਸ ਵਿੱਚ ਟਰੱਸਟ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਆਧੁਨਿਕ ਟ੍ਰੈਫਿਕ ਸਿਗਨਲ ਲਾਈਟਾਂ ਲਗਾਉਣ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਪ੍ਰੋਜੈਕਟ ‘ਤੇ ਲਗਭਗ 32.20 ਲੱਖ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਟ੍ਰੈਫਿਕ ਲਾਈਟਾਂ ਦੇ ਲੱਗਣ ਨਾਲ ਨਾ ਸਿਰਫ ਵਾਹਨਾਂ ਦੀ ਆਵਾਜਾਈ ਸੁਚਾਰੂ ਹੋਵੇਗੀ, ਸਗੋਂ ਸ਼ਹਿਰ ਦੇ ਮੁੱਖ ਚੌਂਕਾਂ ਵਿੱਚ ਲੱਗਣ ਵਾਲੇ ਜਾਮ ਤੋਂ ਵੀ ਰਾਹਤ ਮਿਲਣ ਦੀ ਉਮੀਦ ਹੈ। ਪ੍ਰਸ਼ਾਸਨ ਵੱਲੋਂ ਇਸ ਕੰਮ ਨੂੰ ਪੂਰਾ ਕਰਨ ਲਈ 3 ਮਹੀਨੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।
ਟਰੱਸਟ ਇੰਜੀਨੀਅਰ ਵੱਲੋਂ ਜਾਰੀ ਕੀਤੇ ਗਏ ਨੋਟਿਸ ਅਨੁਸਾਰ, ਇਹ ਸਾਰੀ ਪ੍ਰਕਿਰਿਆ ਪੰਜਾਬ ਟ੍ਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਉਰਮੈਂਟ ਰੂਲਜ਼ 2022 ਦੇ ਤਹਿਤ ਮੁਕੰਮਲ ਕੀਤੀ ਜਾ ਰਹੀ ਹੈ।
- ਆਨਲਾਈਨ ਬੋਲੀ: ਟੈਂਡਰ 30 ਅਪ੍ਰੈਲ 2026 ਤੋਂ ਆਨਲਾਈਨ ਭਰੇ ਜਾਣੇ ਸ਼ੁਰੂ ਹੋ ਚੁੱਕੇ ਹਨ।
- ਆਖਰੀ ਤਾਰੀਖ: ਬੋਲੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 7 ਮਈ 2026 (ਦੁਪਹਿਰ 3:00 ਵਜੇ) ਰੱਖੀ ਗਈ ਹੈ।
- ਬੋਲੀਆਂ ਦਾ ਨਿਪਟਾਰਾ: ਉਸੇ ਦਿਨ ਸ਼ਾਮ ਨੂੰ ਤਕਨੀਕੀ ਅਤੇ ਵਿੱਤੀ ਬੋਲੀਆਂ ਖੋਲ੍ਹੀਆਂ ਜਾਣਗੀਆਂ ਤਾਂ ਜੋ ਕੰਮ ਜਲਦ ਸ਼ੁਰੂ ਹੋ ਸਕੇ।
ਇਸ ਕੰਮ ਲਈ ਸਿਰਫ ਉਨ੍ਹਾਂ ਠੇਕੇਦਾਰਾਂ ਜਾਂ ਸਹਿਕਾਰੀ ਸਭਾਵਾਂ ਨੂੰ ਯੋਗ ਮੰਨਿਆ ਜਾਵੇਗਾ, ਜਿਨ੍ਹਾਂ ਕੋਲ ਪਿਛਲੇ 3 ਸਾਲਾਂ ਵਿੱਚ ਅਜਿਹੇ ਕੰਮਾਂ ਦਾ ਤਜਰਬਾ ਹੋਵੇਗਾ। ਟਰੱਸਟ ਵੱਲੋਂ ਸ਼ਰਤ ਰੱਖੀ ਗਈ ਹੈ ਕਿ ਬੋਲੀਕਾਰ ਨੇ ਪਹਿਲਾਂ ਵੀ ਅਜਿਹੇ ਵੱਡੇ ਪ੍ਰੋਜੈਕਟ ਸਫਲਤਾਪੂਰਵਕ ਪੂਰੇ ਕੀਤੇ ਹੋਣ।
