ਸਰਹੱਦੀ ਇਲਾਕਿਆਂ ਵਿੱਚ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ
ਚੰਡੀਗੜ੍ਹ, 29 ਅਪ੍ਰੈਲ 2026 (ਦੀ ਪੰਜਾਬ ਵਾਇਰ)। ਪੰਜਾਬ ਦੀ ਗੈਂਗਸਟਰਾਂ ਵਿਰੁੱਧ ਲੜਾਈ ਹੁਣ ਸਿਰਫ਼ ਮੁਕਾਬਲਿਆਂ ਅਤੇ ਗ੍ਰਿਫ਼ਤਾਰੀਆਂ ਤੱਕ ਸੀਮਿਤ ਨਹੀਂ ਰਹੀ, ਇਹ ਹੁਣ ਸੂਬੇ ਦੀਆਂ ਸਰਹੱਦਾਂ ਤੱਕ ਫੈਲ ਚੁੱਕੀ ਹੈ, ਜਿੱਥੇ ਇੱਕ ਸ਼ਾਂਤ ਪਰ ਕਾਫ਼ੀ ਰਣਨੀਤਿਕ ਜੰਗ ਲੜੀ ਜਾ ਰਹੀ ਹੈ।
‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ ਪੰਜਾਬ ਪੁਲਿਸ ‘ਸੁਰੱਖਿਆ ਦੀ ਦੂਜੀ ਕਤਾਰ’—ਇੱਕ ਡੂੰਘੀ, ਤਕਨੀਕ-ਅਧਾਰਿਤ ਸੁਰੱਖਿਆ ਵਿਵਸਥਾ, ਨੂੰ ਤੇਜ਼ੀ ਨਾਲ ਮਜ਼ਬੂਤ ਕਰ ਰਹੀ ਹੈ ਜਿਸਦਾ ਉਦੇਸ਼ ਸਰਹੱਦ ਪਾਰ ਨਾਲ ਜੁੜੇ ਅਪਰਾਧਕ ਨੈਟਵਰਕਾਂ ਨੂੰ ਜੜ੍ਹੋਂ ਖ਼ਤਮ ਕਰਨਾ ਹੈ।
ਜਿੱਥੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵੱਲੋਂ ਅੰਤਰਰਾਸ਼ਟਰੀ ਸਰਹੱਦ ਦੀ ਰੱਖਿਆ ਕੀਤੀ ਜਾਂਦੀ ਹੈ, ਉੱਥੇ ਪੰਜਾਬ ਪੁਲਿਸ ਇਹ ਯਕੀਨੀ ਬਣਾ ਰਹੀ ਹੈ ਕਿ ਜੇਕਰ ਕੋਈ ਤਸਕਰੀ ਵਾਲੀ ਸਮੱਗਰੀ ਸੂਬੇ ਵਿੱਚ ਆ ਵੀ ਜਾਵੇ, ਤਾਂ ਉਹ ਅੱਗੇ ਨਾ ਵਧ ਸਕੇ।
ਅੰਕੜੇ ਵੀ ਇਸ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਨੂੰ ਸਪੱਸ਼ਟ ਕਰਦੇ ਹਨ।
ਸਰਹੱਦੀ ਪੱਟੀ ਦੇ 585 ਸਥਾਨਾਂ ‘ਤੇ 2291 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਸ ਨਾਲ ਸੰਵੇਦਨਸ਼ੀਲ ਪਿੰਡਾਂ ਅਤੇ ਰਾਸਤਿਆਂ ‘ਤੇ ਨਿਗਰਾਨੀ ਦਾ ਇੱਕ ਮਜ਼ਬੂਤ ਜਾਲ ਵਿਛਾਇਆ ਗਿਆ ਹੈ। ਇਸ ਤੋਂ ਇਲਾਵਾ, ਸਰਹੱਦੀ ਜ਼ਿਲ੍ਹਿਆਂ ਦੇ 41 ਥਾਣਿਆਂ ਨੂੰ ਵੀ ਸੀਸੀਟੀਵੀ ਕਵਰੇਜ ਹੇਠ ਲਿਆਂਦਾ ਗਿਆ ਹੈ, ਜੋ ਨਿਗਰਾਨੀ ਅਤੇ ਤੁਰੰਤ ਕਾਰਵਾਈ ਲਈ ਲਾਮਬੰਦ ਕੀਤੇ ਗਏ ਹਨ।
ਪਰ ਇਹ ਸਿਰਫ਼ ਨਿਗਰਾਨੀ ਵਧਾਉਣ ਬਾਰੇ ਨਹੀਂ, ਸਗੋਂ ਇਸਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਰਣਨੀਤੀ ਹੈ।
ਜ਼ਮੀਨੀ ਪੱਧਰ ‘ਤੇ ਹੁਣ ਹੋਰ ਸਖ਼ਤ ਅਤੇ ਗੈਰ ਅਨੁਮਾਨਿਤ ਢੰਗ ਨਾਲ ਰੀਅਲ-ਟਾਈਮ ਖੁਫ਼ੀਆ ਜਾਣਕਾਰੀ ‘ਤੇ ਆਧਾਰਿਤ ਨਾਕੇ ਲਗਾਏ ਜਾ ਰਹੇ ਹਨ। ਵਾਹਨਾਂ ਦੀ ਜਾਂਚ ਹੁਣ ਰੁਟੀਨ ਨਹੀਂ ਰਹੀ, ਸਗੋਂ ਟੀਚਾਗਤ ਅਤੇ ਸੂਚਨਾ ਆਧਾਰਿਤ ਹੋ ਗਈ ਹੈ। ਖ਼ਾਸ ਕਰਕੇ ਉਹਨਾਂ ਜ਼ਿਲ੍ਹਿਆਂ ਵਿੱਚ ਐਂਟੀ-ਡਰੋਨ ਨਿਗਰਾਨੀ ਤੇਜ਼ ਕੀਤੀ ਗਈ ਹੈ, ਜਿੱਥੇ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਏ ਹਨ।
ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸੁਹੈਲ ਕਾਸਿਮ ਮੀਰ ਨੇ ਕਿਹਾ, “ਸੁਰੱਖਿਆ ਦੀ ਦੂਜੀ ਕਤਾਰ ਉਹ ਜਗ੍ਹਾ ਹੈ ਜਿੱਥੇ ਅਪਰਾਧਕ ਲੜੀ ਨੂੰ ਤੋੜਿਆ ਜਾਂਦਾ ਹੈ। ਜਿੱਥੇ ਪਹਿਲੀ ਕਤਾਰ ਸਰਹੱਦ ਨੂੰ ਸੀਲ ਕਰਦੀ ਹੈ ਅਤੇ ਉੱਥੇ ਹੀ ਸੁਰੱਖਿਆ ਦੀ ਦੂਜੀ ਕਤਾਰ ਸਾਡੇ ਖੇਤਰ ਵਿੱਚ ਕਿਸੇ ਵੀ ਉਲੰਘਣਾ ਨੂੰ ਤੁਰੰਤ ਰੋਕ ਦਿੰਦੀ ਹੈ। ਸਾਡੇ ਨਾਕੇ ਹੁਣ ਸਧਾਰਣ ਚੈਕ-ਪੋਸਟ ਨਹੀਂ ਰਹੇ, ਇਹ ਖੁਫ਼ੀਆ ਜਾਣਕਾਰੀ ਦੇ ਅਧਾਰ ‘ਤੇ ਲਗਾਏ ਜਾਂਦੇ ਹਨ ਅਤੇ ਮੁਕੰਮਲ ਤਸਦੀਕ ਕੀਤੀ ਜਾਣਕਾਰੀ ਦੇ ਆਧਾਰ ‘ਤੇ ਸਥਾਪਿਤ ਕੀਤੇ ਜਾਂਦੇ ਹਨ।”
ਉਨ੍ਹਾਂ ਨੇ ਅੱਗੇ ਕਿਹਾ, “ਪਿੰਡ ਪੱਧਰ ਦੀਆਂ ਰੱਖਿਆ ਕਮੇਟੀਆਂ ਅਤੇ ਸਥਾਨਕ ਨੈੱਟਵਰਕ ਸੁਰੱਖਿਆ ਢਾਂਚੇ ਦਾ ਹਿੱਸਾ ਬਣ ਚੁੱਕੇ ਹਨ, ਜਿਸ ਨਾਲ ਜ਼ਮੀਨੀ ਗਤੀਵਿਧੀਆਂ ‘ਤੇ ਨਿਗਰਾਨੀ ਬਣੀ ਰਹਿੰਦੀ ਹੈ। ਅਸੀਂ ਨਿਰੰਤਰ ਢਾਂਚਾ, ਨਿਗਰਾਨੀ ਪ੍ਰਣਾਲੀ, ਲਾਮਬੰਦੀ ਅਤੇ ਤੁਰੰਤ ਪ੍ਰਤੀਕਿਰਿਆ ਸਮਰੱਥਾ ਨੂੰ ਮਜ਼ਬੂਤ ਕਰ ਰਹੇ ਹਾਂ, ਤਾਂ ਜੋ ਇਹ ਕਤਾਰ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਅਤੇ ਤੁਰੰਤ ਖ਼ਤਮ ਕਰਨ ਵਿੱਚ ਮਦਦ ਕਰੇ।”
ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਦੂਜੀ ਕਤਾਰ ਦੀ ਮਜ਼ਬੂਤੀ ਸੂਬੇ ਦੀ ਐਂਟੀ-ਗੈਂਗਸਟਰ ਰਣਨੀਤੀ ਦਾ ਕੇਂਦਰ ਹੈ। ਉਹਨਾਂ ਨੇ ਕਿਹਾ, “ਅਸੀਂ ਪੁਲਿਸਿੰਗ ਵਿੱਚ ਡੂੰਘਾਈ ਲਿਆ ਰਹੇ ਹਾਂ। ਸਾਡਾ ਧਿਆਨ ਪੂਰੇ ਨੈਟਵਰਕ—ਸਰਹੱਦ ਪਾਰੋਂ ਸਪਲਾਈ ਤੋਂ ਲੈ ਕੇ ਆਖਰੀ ਪੜਾਅ ਦੀ ਡਿਲੀਵਰੀ ਤੱਕ — ਨੂੰ ਤੋੜਨ ‘ਤੇ ਕੇਂਦਰਿਤ ਹੈ। ਸੁਰੱਖਿਆ ਦੀ ਦੂਜੀ ਕਤਾਰ ਇਹ ਯਕੀਨੀ ਬਣਾਉਂਦੀ ਹੈ ਕਿ ਜੇ ਕੋਈ ਕੋਸ਼ਿਸ਼ ਵੀ ਕੀਤੀ ਜਾਂਦੀ ਹੈ, ਤਾਂ ਉਹ ਸ਼ੁਰੂਆਤੀ ਪੜਾਅ ‘ਤੇ ਹੀ ਪਤਾ ਲੱਗ ਜਾਵੇ ਅਤੇ ਇਸ ਨੂੰ ਤੁਰੰਤ ਨਾਕਾਮ ਕੀਤਾ ਜਾਵੇ।”
ਪੰਜਾਬ ਦੀ ਪੁਲਿਸਿੰਗ ਪ੍ਰਣਾਲੀ ‘ਤੇ ਨਜ਼ਰ ਰੱਖਣ ਵਾਲਿਆਂ ਲਈ ਇਹ ਇੱਕ ਸਪੱਸ਼ਟ ਬਦਲਾਅ ਦੀ ਨਿਸ਼ਾਨੀ ਹੈ। ਇਹ ਬਦਲਾਅ ਦਰਸਾਉਂਦਾ ਹੈ ਕਿ ਹੁਣ ਅਪਰਾਧ ਹੋਣ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ, ਉਸ ਨੂੰ ਪਹਿਲਾਂ ਹੀ ਰੋਕਣ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਨਸ਼ੀਲੇ ਪਦਾਰਥ ਅਤੇ ਹਥਿਆਰ ਸੁੱਟਣ ਵਾਲੇ ਹਰ ਇੱਕ ਡਰੋਨ ਨੂੰ ਰੋਕਣਾ, ਹਰ ਸ਼ੱਕੀ ਵਾਹਨ ਦੀ ਪਛਾਣ ਅਤੇ ਸੀਸੀਟੀਵੀ ਰਾਹੀਂ ਹਰ ਗਤੀਵਿਧੀ ਦੀ ਨਿਗਰਾਨੀ ਉਸ ਪੂਰੇ ਨੈਟਵਰਕ ਨੂੰ ਕਮਜ਼ੋਰ ਕਰਦੀ ਹੈ ਜੋ ਗੈਂਗਸਟਰਾਂ ਦੀ ਸਹਾਇਤਾ ਕਰਦਾ ਹੈ ਜੋ ਅਕਸਰ ਵਿਦੇਸ਼ਾਂ ਤੋਂ ਇਹਨਾਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ।
ਇਸ ਪਹਿਲਕਦਮੀ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਸਰਹੱਦੀ ਪਿੰਡ ਹੁਣ ਕਮਜ਼ੋਰ ਕੜੀ ਨਹੀਂ ਰਹੇ, ਸਗੋਂ ਪੁਲਿਸਿੰਗ ਦੇ ਸਾਥੀ ਬਣ ਰਹੇ ਹਨ। ਸਥਾਨਕ ਖੁਫ਼ੀਆ ਜਾਣਕਾਰੀ ਨੂੰ ਹੌਲੀ-ਹੌਲੀ ਪੁਲਿਸ ਪ੍ਰਣਾਲੀ ਵਿੱਚ ਜੋੜਿਆ ਜਾ ਰਿਹਾ ਹੈ। ਪਿੰਡ ਪੱਧਰੀ ਨਿਗਰਾਨੀ ਅਤੇ ਭਾਈਚਾਰਕ ਨੈੱਟਵਰਕ ਹੁਣ ਅਹਿਮ ਜਾਣਕਾਰੀ ਦੇ ਰਹੇ ਹਨ, ਜਿਸ ਨਾਲ ਸੁਰੱਖਿਆ ਦੀ ਦੂਜੀ ਕਤਾਰ ਹੋਰ ਮਜ਼ਬੂਤ ਹੋ ਰਹੀ ਹੈ।
ਇਹ ਰਣਨੀਤੀ ਪੜਾਅਦਾਰ, ਸੋਚੀ-ਸਮਝੀ ਅਤੇ ਬੇਹੱਦ ਪ੍ਰਭਾਵਸ਼ਾਲੀ ਹੈ। ਪਹਿਲਾਂ ਸਵਾਲ ਹੁੰਦਾ ਸੀ ਕਿ ਗੋਲੀ ਕਿਸਨੇ ਚਲਾਈ, ਪਰ ਹੁਣ ਸਵਾਲ ਹੈ—ਹਥਿਆਰ ਉੱਥੇ ਤੱਕ ਪਹੁੰਚਿਆ ਕਿਵੇਂ?
‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਵਿੱਚ ਤੇਜ਼ੀ ਆਉਣ ਨਾਲ, ਪੰਜਾਬ ਦੀ ਸੁਰੱਖਿਆ ਦੀ ਦੂਜੀ ਕਤਾਰ—ਇੱਕ ਗੁਪਤ ਦੀਵਾਰ, ਜੋ ਨਾ ਸਿਰਫ਼ ਖ਼ਤਰੇ ਨੂੰ ਰੋਕਦੀ ਹੈ, ਸਗੋਂ ਉਨ੍ਹਾਂ ਦੇ ਪਿੱਛੇ ਦੇ ਨੈੱਟਵਰਕ ਨੂੰ ਵੀ ਖ਼ਤਮ ਕਰ ਦਿੰਦੀ ਹੈ—ਹੁਣ ਇੱਕ ਅਹਿਮ ਮੋਰਚਾ ਬਣ ਕੇ ਉਭਰ ਰਹੀ ਹੈ।
