ਅਧਿਆਪਕ ਜਥੇਬੰਦੀਆਂ ਗੰਜਾ ਸਕੂਲ ਦੇ ਅਧਿਆਪਕ ਦੇ ਹੱਕ ਵਿੱਚ ਆਈਆਂ, ਪਰਚੇ ਨੂੰ ਝੂਠਾ ਦੱਸ ਰੱਦ ਕਰਨ ਦੀ ਕੀਤੀ ਮੰਗ

ਗੁਰਦਾਸਪੁਰ, 28 ਅਪ੍ਰੈਲ 2026 (ਮੰਨਨ ਸੈਣੀ)। ਸਰਕਾਰੀ ਪ੍ਰਾਇਮਰੀ ਸਕੂਲ ਗੰਜਾ, ਬਲਾਕ ਦੋਰਾਂਗਲਾ ਦੇ ਅਧਿਆਪਕ ਵਿਰੁੱਧ ਸਕੂਲੀ ਬੱਚੇ ਨੂੰ ਕੁੱਟਮਾਰ ਕਰਨ ਦੇ ਲਾਏ ਗਏ ਇਲਜ਼ਾਮਾਂ ਵਿਰੁੱਧ ਅਧਿਆਪਕ ਜਥੇਬੰਦੀਆਂ ਮੈਦਾਨ ਵਿੱਚ ਆ ਗਈਆਂ ਹਨ। ਜਥੇਬੰਦੀਆਂ ਨੇ ਸਿੱਖਿਆ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮਾਮਲੇ ਦੀ ਨਿਰਪੱਖ ਜਾਂਚ ਕਰ ਪਰਚੇ ਨੂੰ ਝੂਠਾ ਕਰਾਰ ਦਿੰਦੇ ਹੋਏ ਰੱਦ ਕਰਨ ਦੀ ਮੰਗ ਕੀਤੀ ਹੈ।

ਬੀ.ਪੀ.ਈ.ਓ. ਨਰੇਸ਼ ਕੁਮਾਰ ਦੋਰਾਂਗਲਾ ਰਾਹੀਂ ਮੰਗ ਪੱਤਰ ਦਿੰਦਿਆਂ ਅਧਿਆਪਕ ਆਗੂਆਂ ਬਲਵਿੰਦਰ ਕੌਰ ਰਾਵਲਪਿੰਡੀ, ਜੋਤ ਪ੍ਰਕਾਸ਼ ਸਿੰਘ ਅਤੇ ਸਰਵਣ ਸਿੰਘ ਨੇ ਦੱਸਿਆ ਕਿ ਸਬੰਧਤ ਅਧਿਆਪਕ ਸੰਦੀਪ ਸ਼ਰਮਾ ਪਿਛਲੇ 18 ਸਾਲਾਂ ਤੋਂ ਇਸ ਬਲਾਕ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਵਿਰੁੱਧ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਆਈ। ਆਗੂਆਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ ਅਤੇ ਬੱਚੇ ਦੇ ਮਾਪਿਆਂ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਕਸਾਇਆ ਗਿਆ ਹੈ।

ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਿਨਾਂ ਜਾਂਚ ਕੀਤੇ ਅਧਿਆਪਕ ਵਿਰੁੱਧ ਕਾਰਵਾਈ ਕੀਤੀ ਗਈ ਤਾਂ ਸਮੁੱਚੇ ਜ਼ਿਲ੍ਹੇ ਦੇ ਅਧਿਆਪਕ ਸੰਘਰਸ਼ ਦੇ ਰਾਹ ਪੈਣਗੇ। ਇਸ ਦੇ ਨਾਲ ਹੀ ਉਨ੍ਹਾਂ ਟੀਆਰਪੀ ਲਈ ਇੱਕ ਪੱਖੀ ਖ਼ਬਰਾਂ ਲਗਾਉਣ ਵਾਲੇ ਕੁਝ ਕੂ ਮੀਡੀਆ ਕਰਮੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਧਿਆਪਕ-ਵਿਦਿਆਰਥੀ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਵਿੱਚ ਬਣਦੀ ਭੂਮਿਕਾ ਨਿਭਾਉਣ।

ਇਸ ਮੌਕੇ ਮਨਜੀਤ ਸਿੰਘ, ਸਤਿੰਦਰ ਕੁਮਾਰ, ਦਵਿੰਦਰਜੀਤ ਸਿੰਘ, ਬਲਜੀਤ ਸਿੰਘ, ਗਗਨ ਹਾਂਡਾ, ਦਲਜੀਤ ਸਿੰਘ, ਸੰਦੀਪ ਕੁਮਾਰ, ਅਜੀਬ ਸਿੰਘ, ਹਰਪ੍ਰੀਤ ਸਿੰਘ, ਜਗਮੋਹਨ, ਅਮਨਦੀਪ ਕੌਰ, ਸਰਬਜੀਤ ਕੌਰ, ਪੂਨਮ ਕਲਸੀ, ਰਮਨਦੀਪ ਕੌਰ, ਨਿਰਮਲ ਕੌਰ ਅਤੇ ਕਿਰਨ ਠਾਕੁਰ ਹਾਜ਼ਰ ਸਨ।

Exit mobile version