ਰਾਜ ਪੱਧਰੀ ਬੈਡਮਿੰਟਨ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ

ਜੇਐੱਸ ਬੈਡਮਿੰਟਨ ਅਕਾਦਮੀ ਵਿੱਚ ਖਿਡਾਰੀਆਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ – ਸਿਮਰਜੀਤ ਸਿੰਘ

ਗੁਰਦਾਸਪੁਰ, 28 ਅਪ੍ਰੈਲ 2026 (ਮੰਨਨ ਸੈਣੀ)। ਜਲੰਧਰ ਵਿੱਚ ਹਾਲ ਹੀ ਵਿੱਚ ਹੋਏ ਰਾਜ ਪੱਧਰੀ ਬੈਡਮਿੰਟਨ ਰੈਂਕਿੰਗ ਮੁਕਾਬਲਿਆਂ ਵਿੱਚ ਜੇਐੱਸ ਬੈਡਮਿੰਟਨ ਅਕਾਦਮੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਤੂ ਖਿਡਾਰੀਆਂ ਦੇ ਸਨਮਾਨ ਵਿੱਚ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਸਥਾਨਕ ਜੇਐੱਸ ਬੈਡਮਿੰਟਨ ਅਕਾਦਮੀ ਵਿੱਚ ਸਮਾਗਮ ਕਰਵਾਇਆ ਗਿਆ।

ਸਮਾਗਮ ਵਿੱਚ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਜੀਵ ਸਰਪਾਲ ਆਪਣੀ ਟੀਮ ਸਮੇਤ ਸ਼ਾਮਲ ਹੋਏ, ਜਦੋਂਕਿ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਸਿਮਰਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਅਕਾਦਮੀ ਵੱਲੋਂ ਮਹਿਮਾਨਾਂ ਦਾ ਹਾਰ ਪਹਿਨਾ ਕੇ ਸਵਾਗਤ ਕੀਤਾ ਗਿਆ।

ਮੁਕਾਬਲਿਆਂ ਦੇ ਨਤੀਜਿਆਂ ਬਾਰੇ ਦੱਸਦਿਆਂ ਜਾਣਕਾਰੀ ਦਿੱਤੀ ਗਈ ਕਿ ਅੰਡਰ-11 ਸਿੰਗਲ ਮੁਕਾਬਲੇ ਵਿੱਚ ਨਿਕੇਤ ਮਹਾਜਨ ਦੂਜੇ ਸਥਾਨ ਉੱਤੇ ਰਿਹਾ, ਜਦੋਂਕਿ ਡਬਲ ਵਿੱਚ ਨਿਕੇਤ-ਗਰਵ ਅਗਰਵਾਲ ਦੀ ਜੋੜੀ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-13 ਡਬਲ ਵਿੱਚ ਕਬੀਰ ਮਹਾਜਨ ਅਤੇ ਧਰੁਵ ਸੈਣੀ ਦੂਜੇ ਸਥਾਨ ਉੱਤੇ ਰਹੇ, ਜਦੋਂਕਿ ਅਰਥਵ ਮਹਾਜਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਸਰਪਾਲ ਨੇ ਕਿਹਾ ਕਿ ਜਲਦ ਹੀ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਕਰਵਾਏ ਜਾਣਗੇ, ਇਸ ਲਈ ਸਾਰੇ ਖਿਡਾਰੀ ਹੁਣੇ ਤੋਂ ਤਿਆਰੀ ਸ਼ੁਰੂ ਕਰ ਦੇਣ। ਉਨ੍ਹਾਂ ਕਿਹਾ ਕਿ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਐਸੋਸੀਏਸ਼ਨ ਹਰ ਸੰਭਵ ਸਹੂਲਤ ਦੇਵੇਗੀ ਤਾਂ ਜੋ ਗੁਰਦਾਸਪੁਰ ਵਿੱਚੋਂ ਵਧੀਆ ਖਿਡਾਰੀ ਉੱਭਰ ਸਕਣ।

ਵਿਸ਼ੇਸ਼ ਮਹਿਮਾਨ ਸਿਮਰਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਭਰੋਸਾ ਦਿਵਾਇਆ ਕਿ ਅਕਾਦਮੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਆਰਥਿਕ ਮਦਦ ਵੀ ਕੀਤੀ ਜਾਵੇਗੀ ਅਤੇ ਜੇਐੱਸ ਬੈਡਮਿੰਟਨ ਅਕਾਦਮੀ ਵਿੱਚ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਇਨ੍ਹਾਂ ਵਧੀਆ ਨਤੀਜਿਆਂ ਦਾ ਸਿਹਰਾ ਕੋਚ ਅਮਿਤ ਖੋਸਲਾ ਨੂੰ ਦਿੱਤਾ। ਅੰਤ ਵਿੱਚ ਕੋਚ ਅਮਿਤ ਖੋਸਲਾ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।

ਸਮਾਗਮ ਵਿੱਚ ਚੇਅਰਮੈਨ ਸਿਮਰਜੀਤ ਸਿੰਘ, ਪ੍ਰਧਾਨ ਡਾ. ਸੰਜੀਵ ਸਰਪਾਲ, ਸੰਜੀਵ ਕੌਸ਼ਲ, ਤਰੁਣ ਮਹਾਜਨ, ਦਿਨੇਸ਼ ਕੁਮਾਰ, ਹੇਮੰਤ ਚੋਪੜਾ, ਨਿਖਿਲ ਕੁਮਾਰ ਸਮੇਤ ਕਈ ਹੋਰ ਹਾਜ਼ਰ ਸਨ।

Exit mobile version