ਡੇਅਰੀ ਉੱਦਮ ਸਿਖਲਾਈ ਕੋਰਸ 4 ਮਈ ਤੋਂ, 30 ਅਪ੍ਰੈਲ ਤੱਕ ਕਰੋ ਰਜਿਸਟ੍ਰੇਸ਼ਨ

ਗੁਰਦਾਸਪੁਰ, 28 ਅਪ੍ਰੈਲ 2026 (ਮੰਨਨ ਸੈਣੀ)। ਡੇਅਰੀ ਫਾਰਮਰਾਂ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਦੇ ਮਕਸਦ ਨਾਲ ਚਾਰ ਹਫ਼ਤੇ ਦਾ ਡੇਅਰੀ ਉੱਦਮ ਸਿਖਲਾਈ ਕੋਰਸ 4 ਮਈ ਤੋਂ 3 ਜੂਨ ਤੱਕ ਡੇਅਰੀ ਸਿਖਲਾਈ ਕੇਂਦਰ ਵੇਰਕਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਚਲਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਸ੍ਰੀ ਵਰਿਆਮ ਸਿੰਘ ਨੇ ਦਿੱਤੀ।

ਉਹਨਾਂ ਦੱਸਿਆ ਕਿ ਕੋਰਸ ਵਿੱਚ ਭਾਗ ਲੈਣ ਲਈ ਉਮੀਦਵਾਰ ਘੱਟੋ-ਘੱਟ ਦਸਵੀਂ ਪਾਸ ਹੋਣਾ ਚਾਹੀਦਾ ਹੈ, ਉਮਰ 18 ਤੋਂ 55 ਸਾਲ ਵਿਚਕਾਰ ਹੋਵੇ, ਪੇਂਡੂ ਖੇਤਰ ਨਾਲ ਸਬੰਧਤ ਹੋਵੇ ਅਤੇ ਪਹਿਲਾਂ ਤੋਂ ਘੱਟੋ-ਘੱਟ 5 ਪਸ਼ੂ ਰੱਖੇ ਹੋਣ।

ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਪਸ਼ੂਆਂ ਦੀ ਸਾਂਭ-ਸੰਭਾਲ, ਵੱਖ-ਵੱਖ ਬਿਮਾਰੀਆਂ, ਨਕਲੀ ਗਰਭਦਾਨ ਅਤੇ ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮਾਡਲ ਕੈਟਲ ਸ਼ੈੱਡਾਂ ਦੀ ਉਸਾਰੀ, ਦੁੱਧ ਚੁਆਈ ਮਸ਼ੀਨਾਂ, ਡੇਅਰੀ ਦੇ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਅਤੇ ਸਰਕਾਰੀ ਸਬਸਿਡੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

ਕੋਰਸ ਫੀਸ ਜਨਰਲ ਸ਼੍ਰੇਣੀ ਲਈ 5,000 ਰੁਪਏ ਅਤੇ ਅਨੁਸੂਚਿਤ ਜਾਤੀ ਲਈ 4,000 ਰੁਪਏ ਨਿਰਧਾਰਤ ਕੀਤੀ ਗਈ ਹੈ।

ਚਾਹਵਾਨ ਫਾਰਮਰ 30 ਅਪ੍ਰੈਲ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਚੌਥੀ ਮੰਜ਼ਿਲ, ਕਮਰਾ ਨੰਬਰ 508, ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਗੁਰਦਾਸਪੁਰ ਵਿਖੇ ਅਸਲ ਯੋਗਤਾ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ ਅਤੇ ਆਧਾਰ ਕਾਰਡ ਲੈ ਕੇ ਫਾਰਮ ਭਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 80548-00880, 75089-73471, 78888-50893 ਅਤੇ 94177-66062 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Exit mobile version