ਨੀਲੇ ਰੰਗ ਦੀ ਪਿੰਨ ਲੱਗੀ ਵਸਤੂ ਦੇਖ ਫੈਲੀ ਦਹਿਸ਼ਤ, ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ
ਗੁਰਦਾਸਪੁਰ, 27 ਅਪ੍ਰੈਲ 2026 (ਮੰਨਨ ਸੈਣੀ)। ਗੁਰਦਾਸਪੁਰ ਦੇ ਗੀਤਾ ਭਵਨ ਰੋਡ ‘ਤੇ ਉਸ ਵੇਲੇ ਅਫ਼ਰਾ-ਤਫ਼ਰੀ ਮੱਚ ਗਈ ਜਦੋਂ ਇੱਕ ਸ਼ੱਕੀ ਵਿਸਫੋਟਕ ਵਸਤੂ ਮਿਲਣ ਦੀ ਸੂਚਨਾ ਮਿਲੀ। ਦੇਖਦੇ ਹੀ ਦੇਖਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਗੀਤਾ ਭਵਨ ਰੋਡ ‘ਤੇ ਅਸ਼ੋਕਾ ਚਿਪਸ ਦੇ ਨੇੜੇ ਕੰਮ ਕਰਦੇ ਮੁਲਾਜ਼ਮ ਰਾਹੁਲ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਹ ਸ਼ੱਕੀ ਵਸਤੂ ਉੱਥੇ ਸੁੱਟੀ ਗਈ ਸੀ। ਜਦੋਂ ਉਸ ਦੀ ਨਜ਼ਰ ਇਸ ‘ਤੇ ਪਈ ਤਾਂ ਵੇਖਿਆ ਕਿ ਵਸਤੂ ਨੀਲੇ ਰੰਗ ਦੀ ਸੀ ਅਤੇ ਉਸ ‘ਤੇ ਪਿੰਨ ਵਰਗੀ ਬਣਤਰ ਲੱਗੀ ਹੋਈ ਸੀ, ਜਿਸ ਕਾਰਨ ਇਹ ਵਿਸਫੋਟਕ ਪਦਾਰਥ ਜਾਪ ਰਹੀ ਸੀ। ਸਥਿਤੀ ਦੀ ਗੰਭੀਰਤਾ ਨੂੰ ਭਾਂਪਦੇ ਹੋਏ ਉਸਨੇ ਫ਼ੌਰਨ ਆਪਣੇ ਮਾਲਕ ਅਟਲ ਨੂੰ ਖ਼ਬਰ ਕੀਤੀ।
ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੂਰੇ ਖੇਤਰ ਨੂੰ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ। ਕਿਸੇ ਵੀ ਅਣਹੋਣੀ ਤੋਂ ਬਚਣ ਲਈ ਅਹਿਤਿਆਤ ਵਜੋਂ ਆਲੇ-ਦੁਆਲੇ ਦੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ।
ਮੌਕੇ ‘ਤੇ ਪਹੁੰਚੇ ਐਸਪੀ (ਇੰਵੈਸਟਿਗੇਸ਼ਨ) ਦਵਿੰਦਰ ਕੁਮਾਰ ਚੌਧਰੀ ਅਤੇ ਮੌਜੂਦ ਐਸਐਚਓ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਪੂਰੀ ਸੁਚੇਤਤਾ ਨਾਲ ਕੰਮ ਕਰ ਰਹੀ ਹੈ ਅਤੇ ਸ਼ੱਕੀ ਵਸਤੂ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਕੁਝ ਸਪੱਸ਼ਟ ਹੋ ਸਕੇਗਾ। ਖਬਰ ਲਿਖੇ ਜਾਣ ਤੱਕ ਜਾਂਚ ਜਾਰੀ ਸੀ।
