ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਕਾਨੂੰਨ ਤੇ ਅਦਾਲਤ ਤੋਂ ਉਪਰ ਸਮੱਝਣ ਲੱਗੇ-ਸੁਨੀਲ ਜਾਖੜ

ਅਦਾਲਤ ਵਿਚ ਪੇਸ਼ ਨਾ ਹੋਣ ਦੇ ਆਪ ਸੁਪਰੀਮੋ ਦੇ ਐਲਾਨ ਨੂੰ ਦੱਸਿਆ ਅਦਾਲਤ ਦੀ ਅਵਮਾਨਨਾ

ਕਿਹਾ, ਜੇਕਰ ਆਪ ਦਾ ਇਹੀ ਤਰਕ ਤਾਂ ਕੀ ਪੰਜਾਬ ਸਰਕਾਰ ਮੁਲਾਜਮਾਂ ਨੂੰ ਡੀਏ ਦੇ ਕੇਸ ਵਿਚ ਹਾਈਕੋਰਟ ਦੇ ਫੈਸਲੇ ਖਿਲਾਫ ਅਪੀਲ ਨਹੀਂ ਕਰੇਗੀ

ਚੰਡੀਗੜ੍ਹ, 27 ਅਪ੍ਰੈਲ 2026 (ਦੀ ਪੰਜਾਬ ਵਾਇਰ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸ਼ਰਾਬ ਘੋਟਾਲੇ ਦੇ ਮਾਮਲੇ ਵਿਚ ਅਦਾਲਤ ਅੱਗੇ ਨਾ ਪੇਸ਼ ਹੋਣ ਸਬੰਧੀ ਕੀਤੇ ਐਲਾਣ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਕੀ ਉਹ ਹੁਣ ਆਪਣੇ ਆਪ ਨੂੰ ਕਾਨੂੰਨ ਤੋਂ ਵੀ ਉਪਰ ਸਮਝਣ ਲੱਗੇ ਹਨ।

ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਆਪਣੇ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ ਹੈ, “ਅਰਵਿੰਦ ਕੇਜਰੀਵਾਲ ਜੀ, ਤੁਸੀਂ ਐਲਾਨ ਕੀਤਾ ਹੈ ਕਿ ਸੀਬੀਆਈ ਵੱਲੋਂ ਸ਼ਰਾਬ ਘੋਟਾਲੇ ਵਿਚ ਤੁਹਾਡੇ ਖਿਲਾਫ ਪਾਈ ਅਪੀਲ ਦੇ ਮਾਮਲੇ ਵਿਚ ਤੁਸੀਂ ਹਾਈਕੋਰਟ ਵਿਚ ਪੇਸ਼ ਨਹੀਂ ਹੋਵੋਗੇ।

ਇਹ ਤੁਹਾਡਾ ਡਰ ਹੈ ਜਾਂ ਘਮੰਡ ।

ਕੀ ਤੁਸੀਂ ਹੁਣ ਅਦਾਲਤ ਤੋਂ ਵੀ ਉਪਰ ਹੋ ਗਏ ਹੋ। ਕੀ ਤੁਸੀਂ ਇਸ ਦੇਸ਼ ਦੇ ਸੰਵਿਧਾਨ ਨੂੰ ਵੀ ਨਹੀਂ ਮੰਨੋਗੇ। ਯਾਦ ਰੱਖੋ, ਸੀਬੀਆਈ ਨੇ ਕਾਨੂੰਨ ਅਨੁਸਾਰ ਹੀ ਇਹ ਅਪੀਲ ਕੀਤੀ ਹੈ।

ਤੇ ਹਾਂ, ਤੁਸੀਂ ਜੋ ਇਹ ਨਿਯਮ ਆਪਣੇ ਲਈ ਘੜਿਆ ਹੈਕੀ ਉਸੇ ਨਿਯਮਾਂ ਅਨੁਸਾਰ ਤੁਹਾਡੀ ਪੰਜਾਬ ਦੀ ਆਪ ਸਰਕਾਰ ਮਾਨਯੋਗ ਹਾਈਕੋਰਟ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਪੂਰਾ ਡੀਏ ਤੇ ਸਾਰਾ ਬਕਾਇਆ ਦੇਣ ਦੇ ਹੁਕਮ ਖਿਲਾਫ ਅਪੀਲ ਨਹੀਂ ਕਰੇਗੀ।

ਤੁਸੀਂ ਕਿਹਾ ਕਰਦੇ ਹੋ ਸੱਤਯਮੇਵ ਜੰਯਤੇ। ਫਿਰ ਜੇਕਰ ਤੁਸੀਂ ਸੱਚੇ ਹੋ ਤਾਂ ਫਿਰ ਡਰ ਕਿਸ ਗੱਲ ਦਾ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਚੰਗੀ ਸਲਾਹ ਇਹ ਹੈ ਕਿ ਵਿਚਾਰਾ ਬਣਨ ਦੀ ਕੋਸ਼ਿਸ਼ ਨਾ ਕਰੋ, ਸੱਚ ਦਾ ਸਾਹਮਣਾ ਕਰੋ।”

ਸੁਨੀਲ ਜਾਖੜ ਨੇ ਕਿਹਾ ਕਿ ਆਪ ਪਾਰਟੀ ਦਾ ਹਮੇਸਾ ਹੀ ਦੋਹਰੀ ਚਰਿੱਤਰ ਰਿਹਾ ਹੈ। ਉਨ੍ਹਾਂ ਨੇ ਆਪ ਸੁਪਰੀਮੋ ਨੂੰ ਕਿਹਾ ਕਿ ਪਹਿਲਾਂ ਵੀ ਅਦਾਲਤ ਦਾ ਹੀ ਫੈਸਲਾ ਆਇਆ ਸੀ ਅਤੇ ਮਾਨਯੋਗ ਹਾਈਕੋਰਟ ਵੀ ਕਾਨੂੰਨ ਅਨੁਸਾਰ ਹੀ ਕੇਸ ਦਾ ਫੈਸਲਾ ਕਰੇਗੀ। ਉਨ੍ਹਾਂ ਨੇ ਕਿਹਾ ਭਾਰਤੀ ਕਾਨੂੰਨਾਂ ਅਨੁਸਾਰ ਅਕਸਰ ਸਰਕਾਰ ਵੀ ਅਤੇ ਪੀੜਤ ਧਿਰ ਵੀ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਉਤਲੀ ਅਦਾਲਤ ਵਿਚ ਜਾਂਦੀ ਰਹਿੰਦੀ ਹੈ। ਇਸ ਵਿਚ ਆਪ ਸੁਪਰੀਮੋ ਨੂੰ ਇਹ ਨਾਟਕ ਸੋਭਾ ਨਹੀਂ ਦਿੰਦਾ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਦੀ ਇਹ ਦਲੀਲ ਮੰਨੀਏ ਕਿ ਹੇਠਲੀ ਅਦਾਲਤ ਦੇ ਫੈਸਲੇ ਨੂੰ ਹੀ ਅੰਤਮ ਮੰਨ ਲਿਆ ਜਾਣਾ ਚਾਹੀਦਾ ਹੈ ਤਾਂ ਫਿਰ ਆਪ ਪਾਰਟੀ ਦੀ ਆਪ ਸਰਕਾਰ ਅਤੇ ਕਰਮਚਾਰੀਆਂ ਦੇ ਡੀਏ ਦੇ ਕੇਸ਼ ਵਿਚ ਤਾਂ ਮਾਨਯੋਗ ਹਾਈਕੋਰਟ ਨੇ ਕਰਮਚਾਰੀਆਂ ਨੂੰ ਡੀਏ ਦੀਆਂ ਕਿਸਤਾਂ ਤੇ ਸਾਰੇ ਬਕਾਇਆ ਦੇਣ ਦਾ ਹੁਕਮ ਕੀਤਾ ਹੈ। ਫਿਰ ਆਪ ਸਰਕਾਰ ਇਸ ਮਾਮਲੇ ਵਿਚ ਕੋਰਟ ਵਿਚ ਅਪੀਲ ਕਿਉਂ ਕਰਨ ਜਾ ਰਹੀ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਅਸਲ ਵਿਚ ਅਰਵਿੰਦ ਕੇਜਰੀਵਾਲ ਹਰ ਚੀਜ ਨੂੰ ਸਿਆਸੀ ਰੰਗਤ ਦੇਣ ਦਾ ਯਤਨ ਕਰਦੇ ਹਨ ਅਤੇ ਸ਼ਰਾਬ ਘੋਟਾਲੇ ਦੇ ਇਸ ਮਾਮਲੇ ਵਿਚ ਵੀ ਉਹ ਇਹੀ ਕੋਸ਼ਿਸ ਕਰ ਰਹੇ ਹਨ। ਪਰ ਲੋਕ ਹੁਣ ਉਨ੍ਹਾਂ ਦੇ ਇੰਨ੍ਹਾਂ ਡਰਾਮਿਆਂ ਤੋਂ ਅੱਕ ਚੁੱਕੇ ਹਨ।

Exit mobile version