ਪਹਿਲੇ 7 ਦਿਨਾਂ ‘ਚ 4 ਗ੍ਰਿਫ਼ਤਾਰੀਆਂ, ਹੁਣ ਮੁੱਖ ਦੋਸ਼ੀ ਗੁਰਪ੍ਰੀਤ ਉਰਫ਼ ਗੋਲੀ ਵੀ ਕਾਬੂ
ਮੁੱਖ ਦੋਸ਼ੀ ਤੇ ਇਰਾਦਾ ਕਤਲ, ਲੁੱਟ, ਅਸਲਾ ਐਕਤ, ਪ੍ਰਿਜਨ ਐਕਟ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਕੁੱਲ 17 ਕੇਸ ਹਨ ਦਰਜ਼- ਐਸਐਸਪੀ ਆਦਿੱਤਿਯ
ਗੁਰਦਾਸਪੁਰ, 27 ਅਪ੍ਰੈਲ 2026 (ਮੰਨਨ ਸੈਣੀ)। ਜੇਲ੍ਹ ਰੋਡ ਸਥਿਤ ਸਕੀਮ ਨੰਬਰ 5 ਵਿੱਚ 5 ਮਾਰਚ ਨੂੰ ਹੋਈ ਸੰਸਨੀਖੇਜ਼ ਲੁੱਟ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਆਪਣੀ ਲਗਾਤਾਰ ਮੁਸਤੈਦੀ ਅਤੇ ਸੁਚੱਜੀ ਤਫ਼ਤੀਸ਼ ਨਾਲ ਇੱਕ ਹੋਰ ਵੱਡੀ ਕਾਮਯਾਬੀ ਦਰਜ ਕਰਦਿਆਂ 53 ਦਿਨਾਂ ਅੰਦਰ ਪੰਜਵੇਂ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਗੋਲੀ ਵਜੋਂ ਹੋਈ ਹੈ, ਜੋ ਕੋਟਲੀ ਸੁਰਤ ਮੱਲੀ ਦਾ ਵਸਨੀਕ ਹੈ।
ਦੱਸਣਯੋਗ ਹੈ ਕਿ 5 ਮਾਰਚ ਦੀ ਸਵੇਰ ਨੂੰ ਨਿਹੰਗ ਬਾਣੇ ਦਾ ਇਸਤੇਮਾਲ ਕਰਦੇ ਹੋਏ ਹਥਿਆਰਬੰਦ ਬਦਮਾਸ਼ਾਂ ਨੇ ਸਰਾਫ਼ਾ ਕਾਰੋਬਾਰੀ ਵਰੁਣ ਮਹਾਜਨ ਦੇ ਘਰ ‘ਤੇ ਬੜੀ ਯੋਜਨਾਬੱਧ ਢੰਗ ਨਾਲ ਧਾਵਾ ਬੋਲਿਆ ਸੀ। ਪਿਸਤੌਲ ਦੀ ਨੋਕ ‘ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇਰਿਆਂ ਨੇ ਕਰੋੜਾਂ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਲੁੱਟ ਲਏ ਸਨ। ਵਾਰਦਾਤ ਦੌਰਾਨ ਬਦਮਾਸ਼ਾਂ ਨੇ ਟਾਟਾ ਹੈਰੀਅਰ ਕਾਰ, ਮੋਬਾਈਲ ਫੋਨ ਅਤੇ ਸੀਸੀਟੀਵੀ ਡੀਵੀਆਰ ਵੀ ਆਪਣੇ ਨਾਲ ਲੈ ਜਾ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਮਾਮਲਾ ਹੋਰ ਵੀ ਗੁੰਝਲਦਾਰ ਬਣ ਗਿਆ ਸੀ।
ਇਸ ਸੰਵੇਦਨਸ਼ੀਲ ਮਾਮਲੇ ‘ਚ ਪੁਲਿਸ ‘ਤੇ ਵੱਡਾ ਦਬਾਅ ਹੋਣ ਦੇ ਬਾਵਜੂਦ, 12 ਮਾਰਚ ਨੂੰ ਸਿਰਫ਼ 7 ਦਿਨਾਂ ਦੇ ਅੰਦਰ ਹੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਕੋਲੋਂ ਕਰੀਬ 32 ਲੱਖ ਰੁਪਏ ਨਗਦੀ, ਲਗਭਗ 1 ਕਿਲੋ 300 ਗ੍ਰਾਮ ਸੋਨਾ-ਚਾਂਦੀ ਦੇ ਗਹਿਣੇ ਅਤੇ ਲੁੱਟੀ ਗਈ ਕਾਰ ਬਰਾਮਦ ਕਰਕੇ ਪੁਲਿਸ ਨੇ ਕੇਸ ਦੀ ਗੁੱਥੀ ਸੁਲਝਾਉਣ ਵੱਲ ਵੱਡਾ ਕਦਮ ਚੁੱਕਿਆ ਸੀ।
ਤਾਜ਼ਾ ਕਾਰਵਾਈ ਵਿੱਚ ਅੱਜ ਗੁਰਦਾਸਪੁਰ ਦੇ ਐਸਐਸਪੀ ਅਦਿੱਤਿਯ ਨੇ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਪੰਜਾਬ ਤੋਂ ਹੀ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਗੋਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਤੇ ਅਸਲਾ ਐਕਟ, ਪ੍ਰਿਜਨ ਐਕਟ, ਲੂੱਟ ਅਤੇ ਇਰਾਦਾ ਕਤਲ ਸਮੇਤ ਵੱਖ ਵੱਖ ਥਾਰਾਵਾਂ ਤਹਿਤ ਕੁਲ 17 ਮਾਮਲੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਤਕਨੀਕੀ ਅਤੇ ਮਨੁੱਖੀ ਸਰੋਤਾਂ ਦੀ ਮਦਦ ਨਾਲ ਟਰੇਸ ਕਰਕੇ ਕਾਬੂ ਕੀਤਾ ਗਿਆ ਹੈ ਅਤੇ ਉਸ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਿਲ ਹਰ ਐਂਗਲ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਐਸਐਸਪੀ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਅਮਲ ਵਿੱਚ ਲਿਆਂਦੀ ਗਈ ਹੈ।
