ਚੰਡੀਗੜ੍ਹ, 25 ਅਪ੍ਰੈਲ 2026 (ਦੀ ਪੰਜਾਬ ਵਾਇਰ)। ਰਾਘਵ ਚੱਢਾ ਦੇ ‘ਆਪ’ ਛੱਡਣ ਦੀ ਚਰਚਾ ਮੀਡੀਆ ਵਿੱਚ ਭਾਵੇਂ ਵੱਧ ਹੋਈ, ਪਰ ਸਿਆਸੀ ਮਾਹਿਰਾਂ ਦੀ ਨਜ਼ਰ ਕਿਸੇ ਹੋਰ ਪਾਸੇ ਟਿਕੀ ਹੋਈ ਸੀ ਜੋ ਹੈ ਸੰਦੀਪ ਪਾਠਕ। ਪਰਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਇਸ ਆਗੂ ਦਾ ਭਾਜਪਾ ਵੱਲ ਜਾਣਾ ਚੱਢਾ ਦੇ ਜਾਣ ਨਾਲੋਂ ਕਿਤੇ ਵੱਧ ਨੁਕਸਾਨਦੇਹ ਮੰਨਿਆ ਜਾ ਰਿਹਾ ਹੈ।
ਚੱਢਾ ਦਾ ‘ਦਾਅਵਾ’ — ਆਪ ਲਈ ਖ਼ਤਰਾ ਘੱਟ, ਸਿਰਦਰਦੀ ਵੱਧ
ਰਾਘਵ ਚੱਢਾ ਵੱਲੋਂ 63 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਭਾਵੇਂ ਸੁਣਨ ਵਿੱਚ ਵੱਡਾ ਲੱਗਦਾ ਹੈ, ਪਰ ‘ਆਪ’ ਹਾਈਕਮਾਂਡ ਇਸ ਨੂੰ ਉਨਾ ਗੰਭੀਰਤਾ ਨਾਲ ਨਹੀਂ ਲੈ ਰਹੀ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ, ਇੰਨੇ ਵੱਡੇ ਪੱਧਰ ‘ਤੇ ਦਲ-ਬਦਲੀ ਦੀ ਸੰਭਾਵਨਾ ਬਹੁਤ ਘੱਟ ਹੈ। ਉਲਟਾ, ਇਸ ਦਾਅਵੇ ਨੇ ਵਿਧਾਇਕਾਂ ਦੀ ਸੌਦੇਬਾਜ਼ੀ ਦੀ ਤਾਕਤ ਵਧਾ ਦਿੱਤੀ ਹੈ। ਹੁਣ ਪਾਰਟੀ ਵਾਲੰਟੀਅਰਾਂ ਅਤੇ ਹਲਕਾ ਇੰਚਾਰਜਾਂ ਰਾਹੀਂ ਵਿਧਾਇਕਾਂ ‘ਤੇ ਪਾਇਆ ਜਾਂਦਾ ਉਹ ਅਦਿੱਖ ਦਬਾਅ ਘਟਾਉਣਾ ਪਵੇਗਾ, ਜੋ ਪਹਿਲਾਂ ਉਨ੍ਹਾਂ ਨੂੰ ਲਾਂਭੇ ਰੱਖਦਾ ਸੀ। ਚੱਢਾ ਭਾਜਪਾ ਲਈ ਚਮਕ-ਦਮਕ ਲਿਆ ਸਕਦੇ ਹਨ, ਕੈਮਰੇ ਖਿੱਚਦੇ ਹਨ, ਭੀੜ ਵੀ। ਪਰ ਚੋਣਾਂ ਕੈਮਰਿਆਂ ਨਾਲ ਨਹੀਂ, ਬੂਥਾਂ ‘ਤੇ ਜਿੱਤੀਆਂ ਜਾਂਦੀਆਂ ਹਨ।
ਪਾਠਕ ਕਿਉਂ ਹਨ ‘ਅਸਲ ਸੱਟ’?
ਸੰਦੀਪ ਪਾਠਕ ਉਹ ਸ਼ਖ਼ਸ ਹਨ ਜਿਨ੍ਹਾਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ‘ਆਪ’ ਦਾ ਪੂਰਾ ਜਥੇਬੰਦਕ ਢਾਂਚਾ ਜ਼ੀਰੋ ਤੋਂ ਉਸਾਰਿਆ। ਬੂਥ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਦੀਆਂ ਉਹ ਨੀਂਹਾਂ, ਜਿਨ੍ਹਾਂ ‘ਤੇ ‘ਆਪ’ ਦੀ ਪੰਜਾਬ ਵਿੱਚ ਇਤਿਹਾਸਕ ਜਿੱਤ ਟਿਕੀ ਸੀ, ਉਹ ਸਭ ਪਾਠਕ ਦੇ ਦਿਮਾਗ਼ ਵਿੱਚ ਮਹਿਫ਼ੂਜ਼ ਹਨ।
ਹੁਣ 2027 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਉਨ੍ਹਾਂ ਦੀ ਵਰਤੋਂ ਉਸੇ ਨੀਂਹ ਨੂੰ ਹਿਲਾਉਣ ਲਈ ਕਰੇਗੀ। ਇਹ ਉਹੀ ਨਕਸ਼ਾ ਹੈ ਜੋ ‘ਆਪ’ ਨੇ ਖ਼ੁਦ ਪੰਜਾਬ ਵਿੱਚ ਵਰਤਿਆ ਸੀ, ਬੱਸ ਹੁਣ ਉਸ ਨੂੰ ਪਲਟ ਕੇ ‘ਆਪ’ ਦੇ ਖ਼ਿਲਾਫ਼ ਵਰਤਿਆ ਜਾਵੇਗਾ।
‘ਆਪ’ ਲਈ ਰਣਨੀਤੀ ਬਦਲਣੀ ਲਾਜ਼ਮੀ
ਪਾਠਕ ਦੇ ਜਾਣ ਨਾਲ ‘ਆਪ’ ਲੀਡਰਸ਼ਿਪ ਦੀਆਂ ਆਪਣੀਆਂ ਕੁਝ ਯੋਜਨਾਵਾਂ ‘ਤੇ ਵੀ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ। ਚਰਚਾ ਸੀ ਕਿ ਪਾਰਟੀ ਵੱਡੀ ਗਿਣਤੀ ਵਿੱਚ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਸਕਦੀ ਹੈ। ਪਰ ਹੁਣ ਬਗ਼ਾਵਤ ਦਾ ਖ਼ਤਰਾ ਸੱਚਮੁੱਚ ਵੱਡਾ ਹੋ ਗਿਆ ਹੈ। ਅਜਿਹੇ ਵਿੱਚ ਮੌਜੂਦਾ ਵਿਧਾਇਕਾਂ ਪ੍ਰਤੀ ਸਖ਼ਤ ਰੁਖ਼ ਅਪਣਾਉਣਾ ਔਖਾ ਹੋ ਜਾਵੇਗਾ।
ਸਿੱਟੇ ਵਜੋਂ, ਸੰਦੀਪ ਪਾਠਕ ਦਾ ਜਾਣਾ ‘ਆਪ’ ਲਈ ਸਿਰਫ਼ ਇੱਕ ਆਗੂ ਦਾ ਜਾਣਾ ਨਹੀਂ , ਇਹ ਉਸ ਪੂਰੇ ਸਿਸਟਮ ਦਾ ਖ਼ੁਫ਼ੀਆ ਨਕਸ਼ਾ ਦੁਸ਼ਮਣ ਦੇ ਹੱਥ ਲੱਗਣ ਵਾਂਗ ਹੈ, ਜਿਸ ਨਕਸ਼ੇ ਨਾਲ ਉਹ ਸਿਸਟਮ ਉਸਾਰਿਆ ਗਿਆ ਸੀ।
