ਜਨ-ਗਣਨਾ ਡਿਊਟੀਆਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਤਿੱਖਾ ਰੋਸ਼

ਏ.ਡੀ.ਸੀ. ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਕੀਤੀਆਂ ਮੀਟਿੰਗਾਂ

ਗੁਰਦਾਸਪੁਰ 24 ਅਪ੍ਰੈਲ, 2026 ( ਮੰਨਨ ਸੈਣੀ )– ਜਨ-ਗਣਨਾ 2027 ਦੀਆਂ ਡਿਊਟੀਆਂ ਵਿੱਚ ਅਧਿਆਪਕਾਂ ਨਾਲ ਹੋ ਰਹੀ ਕਥਿਤ ਬੇਇਨਸਾਫ਼ੀ ਅਤੇ ਸਕੂਲਾਂ ਦੇ ਪ੍ਰਬੰਧਾਂ ਵਿੱਚ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ (GTU) ਗੁਰਦਾਸਪੁਰ ਦਾ ਇੱਕ ਉੱਚ ਪੱਧਰੀ ਵਫਦ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਿਆ। ਜ਼ਿਲ੍ਹਾ ਪ੍ਰਧਾਨ **ਕੁਲਦੀਪ ਸਿੰਘ ਪੂਰੋਵਾਲ**, ਪੰਜਾਬ ਸਬੋਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ **ਅਨਿਲ ਕੁਮਾਰ** ਅਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਕੋਆਰਡੀਨੇਟਰ **ਲਵਪ੍ਰੀਤ ਰੋੜਾਵਾਲੀ** ਦੀ ਸਾਂਝੀ ਅਗਵਾਈ ਹੇਠ ਵਫਦ ਨੇ ਏ.ਡੀ.ਸੀ. (ਜਨਰਲ) **ਕੁਲਦੀਪ ਚੰਦ** ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ/ਪ੍ਰਾਇਮਰੀ) ਮੈਡਮ ਪਰਮਜੀਤ ਜੀ ਨਾਲ ਮੁਲਾਕਾਤ ਕਰਕੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ।ਏ.ਡੀ.ਸੀ. ਕੁਲਦੀਪ ਚੰਦ ਨੇ ਜਥੇਬੰਦੀ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਡਿਪਟੀ ਕਮਿਸ਼ਨਰ (ਡੀ.ਸੀ.) ਸਾਹਿਬ ਨਾਲ ਤਾਲਮੇਲ ਕਰਕੇ ਅਧਿਆਪਕਾਂ ਦੀਆਂ ਡਿਊਟੀਆਂ ਉਹਨਾਂ ਦੇ ਮੌਜੂਦਾ ਸਟੇਸ਼ਨ ਜਾਂ ਰਿਹਾਇਸ਼ੀ ਸਥਾਨਾਂ ਦੇ ਨੇੜੇ ਲਗਵਾਈਆਂ ਜਾਣਗਈਆ ਅੰਗਹੀਣ, ਵਿਧਵਾ ਅਤੇ ਬਿਮਾਰ ਅਧਿਆਪਕਾਂ ਨੂੰ ਮਾਨਵੀ ਆਧਾਰ ‘ਤੇ ਡਿਊਟੀ ਤੋਂ ਮੁਕਤ ਰੱਖਿਆ ਜਾਵੇਗਾ।

S.I.R ਡਿਊਟੀ ਨਿਭਾ ਰਹੇ ਬੀ.ਐਲ.ਓਜ਼ ਅਤੇ ਸੁਪਰਵਾਈਜ਼ਰਾਂ ਦੀ ਡਿਊਟੀ ਜਨ-ਗਣਨਾ ਵਿੱਚ ਨਹੀਂ ਲਗਾਈ ਜਾਵੇਗੀ।ਅਧਿਆਪਕਾਂ ਦਾ ਡਾਟਾ ਲੀਕ ਹੋਣ ਅਤੇ ਫਰਾਡ ਕਾਲਾਂ ਆਉਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।ਵਫਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਨਾਲ ਮੁਲਾਕਾਤ ਦੌਰਾਨ ਤਿੱਖਾ ਰੋਸ ਪ੍ਰਗਟਾਇਆ ਕਿ ਸਿੱਖਿਆ ਵਿਭਾਗ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਈ.ਓ. (EO) ਦਫ਼ਤਰ ਵੱਲੋਂ ਸਿੱਧੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਕਾਰਨ ਕਈ ਸਕੂਲ ਬੰਦ ਹੋਣ ਦੇ ਕੰਢੇ ਪਹੁੰਚ ਗਏ ਹਨ।ਹੁਣ ਤੱਕ ਲਗਾਈਆਂ ਗਈਆਂ ਡਿਊਟੀਆਂ ਵਿੱਚ ਕੇਵਲ ਅਧਿਆਪਕਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ, ਜਦਕਿ ਹੋਰਨਾਂ ਵਿਭਾਗਾਂ ਦੀ ਸ਼ਮੂਲੀਅਤ ਜ਼ੀਰੋ ਹੈ। ਜਥੇਬੰਦੀ ਨੇ ਸਵਾਲ ਚੁੱਕਿਆ ਕਿ ਇੱਕ ਪਾਸੇ ਸਰਕਾਰ ‘ਸਿੱਖਿਆ ਕ੍ਰਾਂਤੀ’ ਦੀ ਗੱਲ ਕਰ ਰਹੀ ਹੈ, ਪਰ ਦੂਜੇ ਪਾਸੇ ਅਧਿਆਪਕਾਂ ਨੂੰ ਗੈਰ-ਵਿਦਿਅਕ ਕੰਮਾਂ ਵਿੱਚ ਉਲਝਾ ਕੇ ਸਕੂਲਾਂ ਨੂੰ ਤਾਲੇ ਲਗਾਉਣ ਦੀ ਨੌਬਤ ਲਿਆਂਦੀ ਜਾ ਰਹੀ ਹੈ।ਡੀ.ਈ.ਓ. (ਪ੍ਰਾਇਮਰੀ) ਨੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਖ਼ੁਦ ਏ.ਡੀ.ਸੀ. ਸਾਹਿਬ ਨਾਲ ਗੱਲ ਕਰਕੇ ਵਿਭਾਗ ਦਾ ਪੱਖ ਮਜ਼ਬੂਤੀ ਨਾਲ ਰੱਖਣਗੇ। ਜਥੇਬੰਦੀ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਪਲ ਸ਼ਰਮਾ, ਅਜੀਤ ਸਿੰਘ, ਅਮਨਦੀਪ, ਪਵਨ ਕੁਮਾਰ, ਪਲਵਿੰਦਰ ਸਿੰਘ, ਕੁਲਵੰਤ ਸਿੰਘ, ਸਤਿੰਦਰਜੀਤ, ਸਲਵਿੰਦਰ ਕੁਮਾਰ, ਹਰਜੀਤ ਸਿੰਘ , ਬਲਕਾਰ ਸਿੰਘ, ਕਮਲਦੀਪ ਸਿੰਘ, ਜਤਿੰਦਰ ਕੁਮਾਰ ਅਤੇ ਹੋਰ ਅਧਿਆਪਕ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Exit mobile version