ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਸ਼ੀ ਯਾਤਰਾ ਲਈ ਕੇਂਦਰ ਜਲਦ ਤੋਂ ਜਲਦ ਕਰੇ ਰੇਲ ਗੱਡੀਆਂ ਦਾ ਸ਼ਡਿਊਲ ਜਾਰੀ: ਦੀਪਕ ਬਾਲੀ

ਕੇਂਦਰ ਸਰਕਾਰ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਰੇਲਾਂ ਨੂੰ ਸਿਆਸੀ ਕਾਰਨਾਂ ਕਰਕੇ ਨਾ ਰੋਕੇ: ਦੀਪਕ ਬਾਲੀ

ਦੀਪਕ ਬਾਲੀ ਦੀ ਰਵਨੀਤ ਬਿੱਟੂ ਨੂੰ ਅਪੀਲ: ਸਿਆਸਤ ਛੱਡ ਕੇ ਗੁਰੂ ਦੇ ਸੇਵਕ ਬਣ ਕੇ ਸੰਗਤਾਂ ਲਈ ਦਿਵਾਉਣ ਰੇਲ ਗੱਡੀਆਂ ਦੀ ਮਨਜ਼ੂਰੀ

ਚੰਡੀਗੜ੍ਹ, 20 ਅਪ੍ਰੈਲ 2026 (ਦੀ ਪੰਜਾਬ ਵਾਇਰ)– ਪੰਜਾਬ ਸਰਕਾਰ ਦੇ ਸੱਭਿਆਚਾਰਕ ਅਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪੰਜਾਬ ਤੋਂ ਕਾਸ਼ੀ (ਵਾਰਾਣਸੀ) ਲਈ ਵਿਸ਼ੇਸ਼ ਰੇਲ ਗੱਡੀਆਂ ਤੁਰੰਤ ਅਲਾਟ ਕੀਤੀਆਂ ਜਾਣ।

ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਇਸ ਪਵਿੱਤਰ ਅਵਸਰ ਨੂੰ ਫਰਵਰੀ 2026 ਤੋਂ ਫਰਵਰੀ 2027 ਤੱਕ ਬਹੁਤ ਹੀ ਸ਼ਾਨਦਾਰ ਪੱਧਰ ਤੇ ਮਨਾ ਰਹੀ ਹੈ। ਸਾਲ ਭਰ ਚੱਲਣ ਵਾਲੇ ਸਮਾਗਮਾਂ ਤਹਿਤ ਦੇਸ਼-ਵਿਦੇਸ਼ ਅਤੇ ਉਨ੍ਹਾਂ ਸਾਰੀਆਂ ਥਾਵਾਂ ਤੇ ਕੀਰਤਨ ਦਰਬਾਰ ਅਤੇ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ, ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਸਨ।

ਦੀਪਕ ਬਾਲੀ ਨੇ ਕਿਹਾ ਕਿ ਸੰਗਤਾਂ ਨੂੰ ਗੁਰੂ ਸਾਹਿਬ ਦੀ ਜਨਮ ਭੂਮੀ ਅਤੇ ਤਪ ਅਸਥਾਨ ਕਾਸ਼ੀਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਨੇ ਪੂਰੇ ਇੱਕ ਸਾਲ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾਈ ਹੈ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਬੀਤੀ 30 ਮਾਰਚ ਨੂੰ ਹੀ ਆਈਆਰਸੀਟੀਸੀ ਨੂੰ ਪੱਤਰ ਲਿਖ ਕੇ ਟ੍ਰੇਨ ਚਲਾਉਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਕਰੀਬ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਜਾਂ ਰੇਲਵੇ ਵਿਭਾਗ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ ਤੇ ਵੀ ਰੇਲਵੇ ਨਾਲ ਇਸ ਸਬੰਧ ਵਿਚ ਗੱਲ ਕੀਤੀ ਹੈ, ਪਰ ਅਜੇ ਤੱਕ ਸਿਰਫ਼ ਵਿਚਾਰ ਕਰ ਰਹੇ ਹਾਂਵਰਗੇ ਜਵਾਬ ਹੀ ਮਿਲ ਰਹੇ ਹਨ, ਜੋ ਕਿ ਗੁਰੂ ਦੀ ਸੰਗਤ ਪ੍ਰਤੀ ਉਚਿਤ ਵਿਵਹਾਰ ਨਹੀਂ ਹੈ।

ਬਾਲੀ ਨੇ ਕੇਂਦਰ ਸਰਕਾਰ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਨਾਲ-ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਅਪੀਲ ਕੀਤੀ ਕਿ ਇਸ ਪਵਿੱਤਰ ਕਾਰਜ ਨੂੰ ਰਾਜਨੀਤੀ ਦੀ ਭੇਟ ਨਾ ਚੜ੍ਹਾਇਆ ਜਾਵੇ।

ਉਨ੍ਹਾਂ ਕਿਹਾ ਕਿ ਇਹ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੰਗ ਨਹੀਂ ਹੈ, ਸਗੋਂ ਇਹ ਲੱਖਾਂ ਗੁਰੂ ਪ੍ਰੇਮੀ ਸੰਗਤਾਂ ਦੀ ਆਸਥਾ ਦਾ ਸਵਾਲ ਹੈ। ਕੇਂਦਰ ਸਰਕਾਰ ਨੂੰ ਇਸ ਨੂੰ ਸਿਆਸੀ ਚਸ਼ਮੇ ਤੋਂ ਨਹੀਂ ਦੇਖਣਾ ਚਾਹੀਦਾ ਕਿ ਇਹ ਰੇਲ ਗੱਡੀਆਂ ਪੰਜਾਬ ਸਰਕਾਰ ਨੇ ਮੰਗੀਆਂ ਹਨ।

ਪੰਜਾਬ ਦੇ ਨੁਮਾਇੰਦੇ ਹੋਣ ਦੇ ਨਾਤੇ ਖਾਸ ਤੌਰ ਤੇ ਰਵਨੀਤ ਬਿੱਟੂ ਨੂੰ ਅਪੀਲ ਕਰਦਿਆਂ ਬਾਲੀ ਨੇ ਕਿਹਾ ਕਿ ਉਹ ਗੁਰੂ ਦੇ ਨਿਮਰ ਸੇਵਕ ਬਣ ਕੇ ਇਨ੍ਹਾਂ ਰੇਲ ਗੱਡੀਆਂ ਦੀ ਜਲਦੀ ਮਨਜ਼ੂਰੀ ਦਿਵਾਉਣ।

ਦੀਪਕ ਬਾਲੀ ਨੇ ਸਮੂਹ ਸੰਤ ਸਮਾਜ ਨੂੰ ਵੀ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਅਤੇ ਸਬੰਧਤ ਮੰਤਰੀਆਂ ਤੇ ਦਬਾਅ ਬਣਾਉਣ ਤਾਂ ਜੋ ਪੰਜਾਬ ਦੀ ਸੰਗਤ ਜਲਦ ਤੋਂ ਜਲਦ ਗੁਰੂ ਧਾਮਾਂ ਦੇ ਦਰਸ਼ਨ ਕਰ ਸਕੇ। ਉਨ੍ਹਾਂ ਕਿਹਾ ਕਿ ਧਾਰਮਿਕ ਆਸਥਾ ਦੇ ਕਾਰਜਾਂ ਵਿੱਚ ਦੇਰੀ ਕਰਨਾ ਜਾਇਜ਼ ਨਹੀਂ ਹੈ। ਕੇਂਦਰ ਨੂੰ ਆਈਆਰਸੀਟੀਸੀ ਕੋਲ ਪੈਂਡਿੰਗ ਪੱਤਰ ਤੇ ਤੁਰੰਤ ਕਾਰਵਾਈ ਕਰਕੇ ਰੇਲ ਗੱਡੀਆਂ ਦਾ ਸ਼ਡਿਊਲ ਜਾਰੀ ਕਰਨਾ ਚਾਹੀਦਾ ਹੈ।

Exit mobile version