ਗੁਰਦਾਸਪੁਰ ਇੰਪਰੂਵਮੈਂਟ ਟਰੱਸਟ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਲਈ 2.38 ਕਰੋੜ ਦੇ 5 ਪ੍ਰੋਜੈਕਟਾਂ ਦੇ ਟੈਂਡਰ ਜਾਰੀ- ਵਿਰਾਸਤੀ ਗੇਟਾਂ ਤੋਂ CCTV ਤੱਕ ਸ਼ਹਿਰ ਨੂੰ ਮਿਲੇਗਾ ਨਵਾਂ ਰੂਪ

ਗੁਰਦਾਸਪੁਰ, 20 ਅਪ੍ਰੈਲ 2026 (ਮੰਨਨ ਸੈਣੀ)। ਗੁਰਦਾਸਪੁਰ ਇੰਪਰੂਵਮੈਂਟ ਟਰੱਸਟ ਨੇ ਸ਼ਹਿਰ ਦੀ ਸੂਰਤ ਬਦਲਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦੇ ਹੋਏ ਕੁੱਲ 2 ਕਰੋੜ 38 ਲੱਖ 15 ਹਜ਼ਾਰ ਰੁਪਏ ਦੇ 5 ਵਿਕਾਸ ਕਾਰਜਾਂ ਲਈ ਈ-ਟੈਂਡਰ ਨੋਟਿਸ ਜਾਰੀ ਕਰ ਦਿੱਤਾ ਹੈ। NIT ਨੰਬਰ 01/E-Tender/TE/LG-IT ਗੁਰਦਾਸਪੁਰ/2026-27 ਤਹਿਤ ਜਾਰੀ ਇਨ੍ਹਾਂ ਟੈਂਡਰਾਂ ਵਿੱਚ ਵਿਰਾਸਤੀ ਗੇਟਾਂ ਦੀ ਉਸਾਰੀ, ਚੌਕਾਂ ਦਾ ਸੁੰਦਰੀਕਰਨ, ਟ੍ਰੈਫਿਕ ਪ੍ਰਬੰਧਨ ਅਤੇ ਸੁਰੱਖਿਆ ਨਾਲ ਜੁੜੇ ਅਹਿਮ ਕੰਮ ਸ਼ਾਮਲ ਹਨ।

ਕੀ-ਕੀ ਬਣੇਗਾ ਗੁਰਦਾਸਪੁਰ ਵਿੱਚ?

ਟਰੱਸਟ ਵੱਲੋਂ ਜਾਰੀ ਕੀਤੇ ਗਏ ਕੰਮਾਂ ਦੀ ਸੂਚੀ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ 121.45 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ 2 ਵਿਰਾਸਤੀ ਗੇਟਾਂ (Heritage Gates) ਦੀ ਉਸਾਰੀ ਦਾ ਹੈ। ਇਹ ਗੇਟ ਗੁਰਦਾਸਪੁਰ ਦੀ ਇਤਿਹਾਸਕ ਪਛਾਣ ਨੂੰ ਉਭਾਰਨਗੇ ਅਤੇ ਸ਼ਹਿਰ ਦੇ ਪ੍ਰਵੇਸ਼ ਦੁਆਰਾਂ ਨੂੰ ਵਿਲੱਖਣ ਰੂਪ ਦੇਣਗੇ।

ਇਸ ਤੋਂ ਇਲਾਵਾ 49.50 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ CCTV ਕੈਮਰੇ ਲਗਾਏ ਜਾਣਗੇ, ਜਿਸ ਨਾਲ ਸ਼ਹਿਰ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਹੋਵੇਗੀ। 32.20 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਅਹਿਮ ਚੌਕਾਂ ‘ਤੇ ਟ੍ਰੈਫਿਕ ਲਾਈਟਾਂ ਲਗਾਈਆਂ ਜਾਣਗੀਆਂ, ਜੋ ਲੰਮੇ ਸਮੇਂ ਤੋਂ ਸ਼ਹਿਰ ਵਾਸੀਆਂ ਦੀ ਮੰਗ ਰਹੀ ਹੈ।

ਭਗਵਾਨ ਸ਼੍ਰੀ ਪਰਸ਼ੁਰਾਮ ਚੌਕ ਦਾ ਵਿਕਾਸ ਅਤੇ ਸੁੰਦਰੀਕਰਨ 15 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਕੀਮ ਨੰਬਰ 7 ਵਿੱਚ ਕਮਰਸ਼ੀਅਲ ਪਾਰਕਿੰਗ ਖੇਤਰ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਫੁਹਾਰਾ ਸਹਿਤ ਪਾਰਕ ਵਿਕਸਿਤ ਕੀਤਾ ਜਾਵੇਗਾ।

ਟਰੱਸਟ ਦੇ ਇੰਜੀਨੀਅਰ ਅਤੇ ਚੇਅਰਮੈਨ ਵੱਲੋਂ ਹਸਤਾਖ਼ਰਿਤ ਇਸ ਨੋਟਿਸ ਨਾਲ ਸ਼ਹਿਰ ਵਾਸੀਆਂ ਵਿੱਚ ਉਮੀਦ ਜਾਗੀ ਹੈ ਕਿ ਆਉਂਦੇ ਮਹੀਨਿਆਂ ਵਿੱਚ ਗੁਰਦਾਸਪੁਰ ਦੀ ਤਸਵੀਰ ਬਦਲਣੀ ਸ਼ੁਰੂ ਹੋ ਜਾਵੇਗੀ।

Exit mobile version