ਗੁਰਦਾਸਪੁਰ, 13 ਅਪ੍ਰੈਲ 2026 (ਮੰਨਨ ਸੈਣੀ)। ਗੁਰਦਾਸਪੁਰ ਵਿੱਚ ਰਾਸ਼ਟਰੀ ਸਵੈਮਸੇਵਕ ਸੰਘ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਇੰਦਰੇਸ਼ ਕੁਮਾਰ ਦੇ ਸੰਘ ਸ਼ਤਾਬਦੀ ਦੇ ਮੌਕੇ ਕੀਤੇ ਗਏ ਦੌਰੇ ‘ਤੇ ਗੋਲਡਨ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿੱਚ ਇੱਕ ਪ੍ਰਮੁੱਖ ਜਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਮੰਚ ਸੰਚਾਲਨ ਮੁਨੀਸ਼ ਬੁਮੋਤਰਾ ਵੱਲੋਂ ਕੀਤਾ ਗਿਆ। ਕਾਰਜਕ੍ਰਮ ਦੀ ਸ਼ੁਰੂਆਤ ਭਾਰਤ ਮਾਤਾ ਦੀ ਤਸਵੀਰ ਸਾਹਮਣੇ ਜੋਤੀ ਪ੍ਰਜਵੱਲਤ ਕਰਕੇ ਕੀਤੀ ਗਈ।
ਇੰਦਰੇਸ਼ ਕੁਮਾਰ ਨੇ ਦਿਲਚਸਪ ਢੰਗ ਨਾਲ ਸੰਘ ਦੀ 100 ਸਾਲਾਂ ਦੀ ਯਾਤਰਾ ਦੇ ਮੁੱਖ ਪਹਿਲੂਆਂ ਤੋਂ ਜਾਣੂ ਕਰਵਾਉਂਦੇ ਹੋਏ ਸਾਰਿਆਂ ਨੂੰ ਜ਼ਿੰਦਗੀ ਵਿੱਚ ‘ਰਾਸ਼ਟਰ ਪਹਿਲਾਂ’ ਦੇ ਮੰਤਰ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਦੁਨੀਆ ਦਾ ਸਭ ਤੋਂ ਸੁੰਦਰ ਅਤੇ ਵੈਭਵਸ਼ਾਲੀ ਰਾਸ਼ਟਰ ਬਣਾਉਣ ਲਈ ਸੰਸਕਾਰਿਤ ਕਰਨ ਹੇਤੂ ਪਰਿਵਾਰਕ ਅਤੇ ਰਾਸ਼ਟਰੀ ਕਰਤੱਵਾਂ ਦੀ ਪਾਲਣਾ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਜਨ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਸਮ੍ਰਿੱਧ ਅਤੇ ਵਿਸ਼ਵਗੁਰੂ ਬਣਾਉਣ ਲਈ ਵਾਤਾਵਰਣ ਸੰਭਾਲ ਅਤੇ ਸਮਾਜਿਕ ਸਮਰਸਤਾ ਵਰਗੇ ਕਾਰਜਾਂ ਵਿੱਚ ਜਨ-ਜਨ ਦੀ ਭਾਗੀਦਾਰੀ ਯਕੀਨੀ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਪ੍ਰਮੁੱਖ ਲੋਕਾਂ ਵੱਲੋਂ ਇਹ ਕਾਰਜ ਕੀਤੇ ਜਾਣ ਨਾਲ ਇਹ ਤੇਜ਼ੀ ਨਾਲ ਅੱਗੇ ਵਧੇਗਾ।
ਕਾਰਜਕ੍ਰਮ ਵਿੱਚ ਵੱਖ-ਵੱਖ ਸਕੂਲਾਂ ਦੇ 23 ਪ੍ਰਿੰਸੀਪਲ, 41 ਪ੍ਰੋਫੈਸਰ, 9 ਡਾਕਟਰ, 21 ਵਕੀਲ, 28 ਸਾਬਕਾ ਫ਼ੌਜੀ ਅਧਿਕਾਰੀ ਅਤੇ 21 ਹੋਰ ਸ਼੍ਰੇਣੀਆਂ ਦੇ ਮੋਹਤਬਰ ਵਿਅਕਤੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਕਾਰਜਕ੍ਰਮ ਦੇ ਅੰਤ ਵਿੱਚ ਜ਼ਿਲ੍ਹਾ ਸੰਘਚਾਲਕ ਡਾ. ਮੋਹਿਤ ਮਹਾਜਨ ਨੇ ਹਾਜ਼ਰ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।