ਪਠਾਨਕੋਟ ਦੇ ਰਾਮਲੀਲਾ ਮੈਦਾਨ ਵਿੱਚ ਹਿੰਦੂ ਨਵੇਂ ਸਾਲ ਸੰਵਤ ਦਾ ਸ਼ਾਨਦਾਰ ਜਸ਼ਨ

ਹਿੰਦੂ ਨਵਾਂ ਸਾਲ ਨਾ ਸਿਰਫ਼ ਭਾਰਤ ਦਾ, ਸਗੋਂ ਵਿਸ਼ਵ ਭਰ ਦੇ ਹਿੰਦੂ ਭਾਈਚਾਰੇ ਦਾ ਅਸਲੀ ਨਵਾਂ ਸਾਲ ਹੈ: ਮਨੀਸ਼ ਸਿਸੋਦੀਆ

ਜੋ ਸਿਆਸੀ ਵਿਰੋਧੀਆਂ ਨੂੰ ਧੋਖੇ ਨਾਲ CBI ਅਤੇ ED ਦੇ ਕੇਸਾਂ ਵਿੱਚ ਫਸਾਉਂਦੇ ਹਨ, ਉਹ ਅਸਲ ਸਨਾਤਨੀ ਨਹੀਂ ਹੋ ਸਕਦੇ: ਮਨੀਸ਼ ਸਿਸੋਦੀਆ

ਨਵਾਂ ਸਾਲ ਆਪਣੇ ਆਪ ਨੂੰ ਪਰਖਣ ਅਤੇ ਨੈਤਿਕ ਤੌਰ ‘ਤੇ ਨਵਿਆਉਣ ਦਾ ਮੌਕਾ ਹੈ: ਅਮਨ ਅਰੋੜਾ

ਪੰਜਾਬ ਫ਼ਿਰਕੂ ਸਦਭਾਵਨਾ ਦਾ ਪ੍ਰਤੀਕ; ਵੰਡਣ ਵਾਲੀ ਸੋਚ ਨੁਕਸਾਨਦੇਹ: ਲਾਲ ਚੰਦ ਕਟਾਰੂਚੱਕ

ਹਿੰਦੂ ਸੱਭਿਆਚਾਰ ਨੂੰ ਪਹਿਲੀ ਵਾਰ ਮਾਨਤਾ — ਪਿਛਲੀਆਂ ਸਰਕਾਰਾਂ ਦੀ ਅਣਦੇਖੀ ‘ਤੇ ਕਰਾਰੀ ਚੋਟ: ਦੀਪਕ ਬਾਲੀ

ਪਠਾਨਕੋਟ, 12 ਅਪ੍ਰੈਲ 2026 (ਦੀ ਪੰਜਾਬ ਵਾਇਰ)।ਪੰਜਾਬ ਸਰਕਾਰ ਵੱਲੋਂ ਹਿੰਦੂ ਨਵੇਂ ਸਾਲ ਸੰਵਤ ਦੇ ਮੌਕੇ ‘ਤੇ ਪਠਾਨਕੋਟ ਜ਼ਿਲ੍ਹੇ ਦੇ ਰਾਮਲੀਲਾ ਮੈਦਾਨ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਨਾਤਨ ਹਿੰਦੂ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਵਿਜੈ ਸ਼ਰਮਾ ਨੇ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਲਾਲ ਚੰਦ ਕਟਾਰੂਚੱਕ ਅਤੇ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਸਲਾਹਕਾਰ ਦੀਪਕ ਬਾਲੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਸਲਾਹਕਾਰ ਦੀਪਕ ਬਾਲੀ ਨੇ ਇਸ ਦਿਨ ਨੂੰ ਪੰਜਾਬ ਲਈ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇ 75 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ ਸਨਾਤਨ ਸੱਭਿਆਚਾਰ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਕਰਵਾਉਣ ਦਾ ਹੌਸਲਾ ਦਿਖਾਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਇਸ ਸਮਾਗਮ ਨੂੰ ਸਾਂਝੀਵਾਲਤਾ ਵਾਲੇ ਰਾਜ-ਪ੍ਰਬੰਧ ਅਤੇ ਸਾਰੇ ਧਰਮਾਂ ਲਈ ਬਰਾਬਰ ਸਤਿਕਾਰ ਦੀ ਝਲਕ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਪਿਛਲੀਆਂ ਸਿਆਸੀ ਪਾਰਟੀਆਂ ਵਿੱਚੋਂ ਕਿਸੇ ਨੇ ਵੀ ਇੰਨੇ ਵੱਡੇ ਪੱਧਰ ‘ਤੇ ਹਿੰਦੂ ਨਵੇਂ ਸਾਲ ਦਾ ਜਸ਼ਨ ਮਨਾਉਣ ਬਾਰੇ ਨਹੀਂ ਸੋਚਿਆ ਸੀ, ਜਦੋਂ ਕਿ ਮਾਨ ਸਰਕਾਰ ਨੇ ਸੱਚੀ ਧਰਮ-ਨਿਰਪੱਖਤਾ ਦੀ ਮਿਸਾਲ ਕਾਇਮ ਕੀਤੀ ਹੈ।

ਦੀਪਕ ਬਾਲੀ ਨੇ ਮੁੱਖ ਮੰਤਰੀ ਭਗਵੰਤ ਮਾਨ, ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸਮੁੱਚੀ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਸਮਝਦਿਆਂ ਸਨਾਤਨ ਪਰੰਪਰਾਵਾਂ ਨੂੰ ਸੱਭਿਆਚਾਰਕ ਮਾਨਤਾ ਦਿੱਤੀ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੀਆਂ ਸਰਕਾਰਾਂ ਵੋਟ-ਬੈਂਕ ਦੀ ਸਿਆਸਤ ਵਿੱਚ ਉਲਝੀਆਂ ਰਹੀਆਂ, ਉੱਥੇ ਮਾਨ ਸਰਕਾਰ ਨੇ ਰਾਜ-ਪ੍ਰਬੰਧ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਿੰਦੂ ਨਵਾਂ ਸਾਲ ਮਹਿਜ਼ ਇੱਕ ਤਿਉਹਾਰ ਨਹੀਂ, ਸਗੋਂ ਪ੍ਰਾਚੀਨ ਸੱਭਿਆਚਾਰ, ਪਰੰਪਰਾਵਾਂ ਅਤੇ ਜੀਵਨ-ਮੁੱਲਾਂ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਨਾਤਨ ਪਰੰਪਰਾ ਕੇਵਲ ਧਾਰਮਿਕ ਸੰਕਲਪ ਨਹੀਂ, ਸਗੋਂ ਜੀਵਨ ਜਿਊਣ ਦਾ ਤਰੀਕਾ ਹੈ ਜੋ ਸਹਿਣਸ਼ੀਲਤਾ, ਸਤਿਕਾਰ ਅਤੇ ਸਾਰਿਆਂ ਦੀ ਭਲਾਈ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਧਰਮਾਂ ਵਿਚਕਾਰ ਆਪਸੀ ਮੇਲ-ਮਿਲਾਪ ‘ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨ ਦੀ ਅਪੀਲ ਕੀਤੀ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਹਮੇਸ਼ਾ ਫ਼ਿਰਕੂ ਸਦਭਾਵਨਾ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਵੰਡਣ ਵਾਲੀ ਸੋਚ ਸਮਾਜ ਲਈ ਨੁਕਸਾਨਦੇਹ ਹੈ ਅਤੇ ਲੋਕਾਂ ਨੂੰ ਏਕਤਾ ਅਤੇ ਪਿਆਰ ਵਧਾਉਣ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਧਰਮ ਦਾ ਅਸਲ ਮਤਲਬ ਲੋਕ-ਸੇਵਾ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਮਾਜ ਨੂੰ ਸਹੀ ਰਾਹ ਦਿਖਾਉਣ ਵਿੱਚ ਸੰਤਾਂ ਅਤੇ ਰੂਹਾਨੀ ਆਗੂਆਂ ਦੀ ਭੂਮਿਕਾ ਨੂੰ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਨਵਾਂ ਸਾਲ ਆਪਣੇ ਆਪ ਨੂੰ ਪਰਖਣ ਅਤੇ ਸੁਧਾਰਨ ਦਾ ਮੌਕਾ ਹੈ ਅਤੇ ਨਾਗਰਿਕਾਂ ਨੂੰ ਜੀਵਨ ਵਿੱਚ ਸੱਚਾਈ, ਇਮਾਨਦਾਰੀ ਅਤੇ ਨੈਤਿਕ ਕਦਰਾਂ-ਕੀਮਤਾਂ ਅਪਨਾਉਣ ਦੀ ਅਪੀਲ ਕੀਤੀ।

ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੇ ਹਿੰਦੂ ਸੱਭਿਆਚਾਰ ਅਤੇ ਸਨਾਤਨ ਪਰੰਪਰਾਵਾਂ ਨੂੰ ਸਮਰਪਿਤ ਭਜਨ ਪੇਸ਼ ਕੀਤੇ, ਜਿਸ ਨਾਲ ਸਮਾਗਮ ਦਾ ਮਾਹੌਲ ਰੂਹਾਨੀ ਰੰਗ ਵਿੱਚ ਰੰਗਿਆ ਗਿਆ।

ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਸ਼ਖ਼ਸੀਅਤਾਂ ਨੇ ਸਨਾਤਨ ਆਗੂਆਂ ਨੂੰ ਸ਼ਾਲਾਂ ਭੇਟ ਕਰਕੇ ਸਨਮਾਨਿਤ ਕੀਤਾ। ਸਮਾਗਮ ਵਿੱਚ ਧਾਰਮਿਕ, ਸਮਾਜਿਕ ਅਤੇ ਸਿਆਸੀ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਵਰਨਣਯੋਗ ਹੈ ਕਿ ਇਹ ਪਹਿਲੀ ਵਾਰ ਸੀ ਜਦੋਂ ਪੰਜਾਬ ਸਰਕਾਰ ਨੇ ਰਾਜ ਪੱਧਰ ‘ਤੇ ਹਿੰਦੂ ਨਵੇਂ ਸਾਲ ਦਾ ਅਧਿਕਾਰਤ ਜਸ਼ਨ ਮਨਾਇਆ, ਜਿਸ ਨਾਲ ਇਸ ਸਮਾਗਮ ਦੀ ਮਹੱਤਤਾ ਹੋਰ ਵੱਧ ਗਈ।

ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਜ਼ਿਲ੍ਹੇ ਦੇ ਜਾਗਰੂਕ ਨਾਗਰਿਕ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ। ਸਮਾਗਮ ਦੌਰਾਨ ਸਟੇਜ ‘ਤੇ ਮੌਜੂਦ ਪੂਜਨੀਕ ਸੰਤਾਂ ਨੇ ਨਵੇਂ ਸਾਲ ਦੀਆਂ ਅਸੀਸਾਂ ਦਿੱਤੀਆਂ ਅਤੇ ਸਮੁੱਚਾ ਮਾਹੌਲ ਰੂਹਾਨੀ ਅਤੇ ਸੱਭਿਆਚਾਰਕ ਰੌਣਕ ਨਾਲ ਭਰਪੂਰ ਰਿਹਾ।

ਸਮਾਗਮ ਦੀ ਸਮਾਪਤੀ ਧੰਨਵਾਦੀ ਮਤੇ ਅਤੇ ਸਾਰੇ ਹਾਜ਼ਰੀਨ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਕੇ ਕੀਤੀ ਗਈ। ਅੰਤ ਵਿੱਚ ਲੋਕਾਂ ਨੇ ਖ਼ੁਸ਼ੀ ਅਤੇ ਉਤਸ਼ਾਹ ਨਾਲ ਇੱਕ-ਦੂਜੇ ਨੂੰ ਮੁਬਾਰਕਾਂ ਦਿੱਤੀਆਂ। ਰਾਮਲੀਲਾ ਮੈਦਾਨ ਪਠਾਨਕੋਟ ਵਿੱਚ ਹੋਇਆ ਇਹ ਸਮਾਗਮ ਸਮਾਜਿਕ ਏਕਤਾ, ਸੱਭਿਆਚਾਰਕ ਵਿਰਾਸਤ ਅਤੇ ਫ਼ਿਰਕੂ ਸਦਭਾਵਨਾ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਵਜੋਂ ਯਾਦ ਕੀਤਾ ਜਾਵੇਗਾ।

Exit mobile version