ਗੁਰਦਾਸਪੁਰ ਦੇ ਬੱਬਰੀ ਬਾਈਪਾਸ ‘ਤੇ ਭਿਆਨਕ ਸੜਕ ਹਾਦਸਾ, ਇਕ ਦੀ ਮੌਤ; ਪੁਲਿਸ ਵੱਲੋਂ ਮਾਮਲਾ ਦਰਜ

ਤੇਜ਼ ਰਫ਼ਤਾਰ ਬੱਸ ਡਿਵਾਈਡਰ ‘ਚ ਟਕਰਾਈ, ਹਵਾ ‘ਚ ਉੱਡ ਕੇ ਕਾਰ ‘ਤੇ ਡਿੱਗੀ — ਕਈ ਜ਼ਖ਼ਮੀ

ਗੁਰਦਾਸਪੁਰ, 9 ਅਪ੍ਰੈਲ 2026 (ਮੰਨਨ ਸੈਣੀ)। ਗੁਰਦਾਸਪੁਰ ਦੇ ਬੱਬਰੀ ਬਾਈਪਾਸ ‘ਤੇ 8 ਅਪ੍ਰੈਲ ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਜ਼ਖ਼ਮੀ ਹੋ ਗਏ। ਹੁਣ ਇਸ ਮਾਮਲੇ ‘ਚ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।

ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਅਨੁਸਾਰ, ASI ਸਤਵਿੰਦਰ ਮਸੀਹ ਸਮੇਤ ਪੁਲਿਸ ਟੀਮ ਬੱਬਰੀ ਬਾਈਪਾਸ ‘ਤੇ ਹਾਈਟੈਕ ਨਾਕੇ ‘ਤੇ ਮੌਜੂਦ ਸੀ। ਇਸ ਦੌਰਾਨ ਪਠਾਨਕੋਟ ਸਾਈਡ ਤੋਂ ਆ ਰਹੀ ਬੱਸ ਨੰਬਰ PB-02-CC-7667 (ABTC) ਬੇਹੱਦ ਤੇਜ਼ ਰਫ਼ਤਾਰ ਨਾਲ ਆਈ। ਬੱਸ ਦੇ ਅਣਪਛਾਤੇ ਡਰਾਈਵਰ ਨੇ ਮੋੜ ਕੱਟਦੇ ਸਮੇਂ ਕਾਬੂ ਗਵਾ ਦਿੱਤਾ ਅਤੇ ਬੱਸ ਸਿੱਧੀ ਡਿਵਾਈਡਰ ਨਾਲ ਟਕਰਾ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਡਿਵਾਈਡਰ ਨੂੰ ਟੱਪ ਕੇ ਹਵਾ ਵਿੱਚ ਉੱਡਦੀ ਹੋਈ ਦੂਜੇ ਪਾਸੇ ਅੰਮ੍ਰਿਤਸਰ ਵੱਲੋਂ ਆ ਰਹੀ ਕਾਰ ਨੰਬਰ PB-06-BA-6004 (Toyota Glanza) ‘ਤੇ ਡਿੱਗ ਗਈ। ਇਸ ਨਾਲ ਕਾਰ ਪੂਰੀ ਤਰ੍ਹਾਂ ਨੁਕਸਾਨੀ ਹੋ ਗਈ ਅਤੇ ਕਾਰ ਚਾਲਕ ਸਮੇਤ ਬੱਸ ਵਿੱਚ ਸਵਾਰ ਕਈ ਯਾਤਰੀਆਂ ਨੂੰ ਗੰਭੀਰ ਚੋਟਾਂ ਲੱਗੀਆਂ।

ਹਾਦਸੇ ‘ਚ ਜ਼ਖ਼ਮੀ ਹੋਏ ਹਰਦੀਪ ਕੁਮਾਰ ਪੁੱਤਰ ਮੁੰਸ਼ੀ ਮਸੀਹ ਵਾਸੀ ਸੱਦਾ (ਥਾਣਾ ਦੋਰਾਂਗਲਾ) ਦੀ ਇਲਾਜ ਦੌਰਾਨ ਮੌਤ ਹੋ ਗਈ।

ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬੱਸ ਡਰਾਈਵਰ ਵੱਲੋਂ ਬੇਹੱਦ ਤੇਜ਼ ਰਫ਼ਤਾਰ, ਅਣਗਹਿਲੀ ਅਤੇ ਲਾਪਰਵਾਹੀ ਨਾਲ ਵਾਹਨ ਚਲਾਇਆ ਜਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਪੁਲਿਸ ਨੇ ਅਣਪਛਾਤੇ ਬੱਸ ਡਰਾਈਵਰ ਖ਼ਿਲਾਫ਼ ਭਾਰਤੀ ਨਿਆਇਕ ਸੰਹਿਤਾ (BNS) ਦੀਆਂ ਧਾਰਾਵਾਂ 105, 281, 324(4) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version